ਫ਼ਤਹਿਗੜ੍ਹ ਸਾਹਿਬ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਗੀਤਿਕਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅਕਤੂਬਰ 2024 ਵਿੱਚ ਸ਼ੁਰੂ ਕੀਤੀ ਗਈ ਪੀ.ਐਮ. ਇੰਟਰਨਸ਼ਿਪ ਸਕੀਮ ਦਾ ਟੀਚਾ 1.25 ਲੱਖ ਇੰਟਰਨਸ਼ਿਪ ਦਾ ਹੈ ਅਤੇ ਇਸ ਸਕੀਮ ਦਾ ਲਾਭ ਲੈਣ ਲਈ 12 ਮਾਰਚ ਤੱਕ ਪੀ.ਐਮ. ਇੰਟਰਨਸ਼ਿਪ ਪੋਰਟਲ pminternship.mca.gov.in ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਲਈ ਵਿਦਿਅਕ ਯੋਗਤਾ 10ਵੀਂ, 12ਵੀਂ, ਆਈ.ਟੀ.ਆਈ., ਡਿਪਲੋਮਾ, ਬੀ.ਏ., ਬੀ.ਐਸ.ਸੀ., ਬੀ.ਸੀ.ਏ., ਜਾਂ ਬੀ. ਫਾਰਮਾ ਕੀਤੀ ਹੋਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਤੋਂ ਇੰਟਰਨਸ਼ਿਪ ਦੌਰਾਨ 5,000/- ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਵੇਗਾ ਅਤੇ ਅਪਲਾਈ ਕਰਨ ਤੋਂ ਬਾਅਦ 6,000/- ਰੁਪਏ ਸਿੱਧੇ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਏ ਜਾਣਗੇ। ਇਸ ਤੋਂ ਇਲਾਵਾ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਰਕਾਰ ਦੀਆਂ ਬੀਮਾ ਯੋਜਨਾਵਾਂ (ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ) ਦੇ ਤਹਿਤ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨੌਜਵਾਨ ਇਸ ਇੰਟਰਨਸ਼ਿਪ ਲਈ ਜ਼ਿਲ੍ਹੇ ਦੀਆਂ ਨਾਮੀ ਕੰਪਨੀਆਂ ਐਚ.ਡੀ.ਐਫ.ਸੀ. ਬੈਂਕ ਲਿਮਟਿਡ ਵੱਲੋਂ 20, ਰੀਲਾਂਇਸ ਇੰਡਸਟਰੀ ਲਿਮਟਿਡ ਵੱਲੋਂ 02 ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ 04 ਇੰਟਰਨਸ਼ਿਪ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਕੰਪਨੀਆਂ ਵੀ ਅਪਲਾਈ ਕਰ ਸਕਦੀਆਂ ਹਨ।
ਇਸ ਸਬੰਧੀ ਸ੍ਰੀ ਹਰਪ੍ਰੀਤ ਸਿੰਘ ਸਿੱਧੂ, ਜਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨੇ ਦੱਸਿਆ ਕਿ ਪੀ.ਐਮ. ਇੰਟਰਨਸ਼ਿਪ ਸਕੀਮ ਅਧੀਨ ਭਾਰਤ ਸਰਕਾਰ ਵੱਲੋਂ 1 ਕਰੋੜ ਨੌਜਵਾਨਾਂ ਨੂੰ 5 ਸਾਲਾਂ ਲਈ 500 ਦੇ ਕਰੀਬ ਨਾਮੀ ਕੰਪਨੀਆਂ ਵਿੱਚ ਨੌਕਰੀ ਮੁਹੱਈਆ ਕਰਵਾਈ ਜਾਣੀ ਹੈ। ਇਸ ਸਕੀਮ ਅਧੀਨ 21 ਤੋਂ 24 ਸਾਲ ਦੀ ਉਮਰ ਦੇ ਨੌਜਵਾਨ 12 ਮਹੀਨੇ ਦੇ ਇੰਟਰਨਸ਼ਿਪ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ। ਇਹ ਸਕੀਮ ਉਹਨਾਂ ਭਾਰਤੀ ਨਾਗਰਿਕਾਂ ਲਈ ਹੈ, ਜੋ ਫੁੱਲ-ਟਾਈਮ ਨੌਕਰੀ ਨਹੀਂ ਕਰਦੇ ਅਤੇ ਨਾ ਹੀ ਫੁੱਲ-ਟਾਈਮ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜੋ ਨੌਜਵਾਨ ਆਨਲਾਈਨ ਜਾਂ ਡਿਸਟੈਂਸ ਸਟੱਡੀ ਕਰਦੇ ਹਨ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਉਮੀਦਵਾਰਾਂ ਨੇ ਨੈਸ਼ਨਲ ਅਪ੍ਰੇਟਿਸਸ਼ਿਪ ਟ੍ਰੇਨਿੰਗ (NATS) ਅਧੀਨ ਅਪ੍ਰੇਟਿਸਸ਼ਿਪ ਕੀਤੀ ਹੈ ਜਾਂ ਨੈਸ਼ਨਲ ਅਪ੍ਰੇਟਿਸਸ਼ਿਪ ਪ੍ਰੋਮੋਸ਼ਨ ਸਕੀਮ (NAPS) ਲਈ ਅਪਲਾਈ ਕੀਤਾ ਹੈ, ਉਹ ਪੀ.ਐਮ. ਇੰਟਰਨਸ਼ਿਪ ਸਕੀਮ ਅਧੀਨ ਅਪਲਾਈ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਜਿਨ੍ਹਾਂ ਉਮੀਦਵਾਰਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਮੈਂਬਰ ਪਰਮਾਨੈਂਟ ਜਾਂ ਰੈਗੁਲਰ ਤੌਰ ਤੇ ਰਾਜ ਸਰਕਾਰ ਦੇ ਕਰਮਚਾਰੀ ਹਨ ਉਹ ਨੌਜਵਾਨ ਇਸ ਪੀ.ਐਮ. ਇੰਟਰਨਸ਼ਿਪ ਸਕੀਮ ਅਧੀਨ ਅਪਲਾਈ ਨਹੀਂ ਕਰ ਸਕਦੇ।