ਕਿਹਾ, ਲੋਕ ਨਿਰਮਾਣ ਵਿਭਾਗ ਨੈਸ਼ਨਲ ਹਾਈਵੇ ਦੇ ਅਧਿਕਾਰੀ ਲਗਾਤਾਰ ਲੈ ਰਹੇ ਨੇ ਜਾਇਜ਼ਾ
ਨਵੀਂ ਸੜਕ ਬਣਕੇ 12 ਬਲੈਕ ਸਪਾਟ ਖ਼ਤਮ ਹੋਣ ਨਾਲ ਹਾਦਸਿਆਂ ਰਹਿਤ ਹੋਵੇਗੀ ਸਰਹਿੰਦ ਰੋਡ-ਡਾ. ਪ੍ਰੀਤੀ ਯਾਦਵ
ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਤੋਂ ਜੀ.ਟੀ ਰੋਡ ਸਰਹਿੰਦ ਤੱਕ ਸੜਕ ਨੂੰ ਚਹੁੰਮਾਰਗੀ ਕੀਤੇ ਜਾਣ ਦੇ ਪ੍ਰਾਜੈਕਟ ਦੇ ਚੱਲ ਰਹੇ ਕੰਮ ਦੌਰਾਨ ਹੁੰਦੇ ਹਾਦਸੇ ਰੋਕਣ ਲਈ ਲੋਕ ਨਿਰਮਾਣ ਵਿਭਾਗ ਦੇ ਨੈਸ਼ਨਲ ਹਾਈਵੇ ਵਿੰਗ ਨੂੰ ਸਪੀਡ ਲਿਮਿਟ ਤੇ ਚੱਲ ਰਹੇ ਕੰਮ ਦੇ ਸਾਈਨ ਬੋਰਡ ਤੇ ਰਿਫ਼ਲੈਕਟਰ ਆਦਿ ਲਗਾਉਣ ਸਮੇਤ ਹੋਰ ਕਦਮ ਤੁਰੰਤ ਚੁੱਕੇ ਜਾਣ ਦੀ ਸਖ਼ਤ ਹਦਾਇਤ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਨਾਲ ਹੀ ਇਸ ਸੜਕ 'ਤੇ ਚੱਲਦੇ ਰਾਹਗੀਰਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਹਾਦਸਿਆਂ ਤੋਂ ਬਚਣ ਲਈ ਸੜਕ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਸੜਕ ਦੇ ਕੰਢੇ ਸੜਕ ਪੁੱਟੀ ਹੋਣ ਆਦਿ ਦੇ ਲਗਾਏ ਗਏ ਮਿੱਟੀ ਦੇ ਭਰੇ ਥੈਲਿਆਂ, ਟੇਪ ਪੱਟੀ ਅਤੇ ਰਿਫਲੈਕਟਰ ਆਦਿ ਨੂੰ ਦੇਖਕੇ ਹੀ ਸਫ਼ਰ ਕਰਨ। ਉਨ੍ਹਾਂ ਹੋਰ ਸਲਾਹ ਦਿੱਤੀ ਕਿ ਜੇਕਰ ਹੋ ਸਕੇ ਤਾਂ ਵਾਹਨਾਂ ਦੀ ਸਪੀਡ ਵੀ ਘੱਟ ਰੱਖੀ ਜਾਵੇ ਤਾਂ ਕਿ ਹਾਦਸੇ ਨਾ ਵਾਪਰਨ।
ਡਾ. ਪ੍ਰੀਤੀ ਯਾਦਵ ਨੇ ਐਕਸੀਐਨ ਇੰਜ. ਸ਼ਰਨਪ੍ਰੀਤ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਜਿੱਥੇ ਸੜਕ ਪੁੱਟੀ ਹੋਣ ਕਰਕੇ ਕਿਨਾਰੇ ਨੀਵੇਂ ਹਨ, ਉਥੇ ਮਿੱਟੀ ਦੇ ਭਰੇ ਥੈਲੇ ਰੱਖੇ ਜਾਣ ਸਮੇਤ ਟੇਪ ਪੱਟੀ, ਸਪੀਡ ਲਿਮਿਟ ਤੇ ਚੱਲ ਰਹੇ ਕੰਮ ਦੇ ਸਾਈਨ ਬੋਰਡ ਅਤੇ ਰਿਫਲੈਕਟਰ ਆਦਿ ਰਾਹ ਦਸੇਰਾ ਨਿਸ਼ਾਨ ਲਗਾਏ ਜਾਣ ਤਾਂ ਕਿ ਲੋਕਾਂ ਦੇ ਵਾਹਨ ਪੁੱਟੀ ਹੋਈ ਸੜਕ ਵਿੱਚ ਜਾਕੇ ਹਾਦਸਾ ਗ੍ਰਸਤ ਨਾ ਹੋ ਜਾਣ ਤੇ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ।
ਉਧਰ ਅੱਜ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ, ਨੈਸ਼ਨਲ ਹਾਈਵ, ਲੋਕ ਨਿਰਮਾਣ ਵਿਭਾਗ ਇੰਜ. ਸ਼ਰਨਪ੍ਰੀਤ ਸਿੰਘ ਨੇ ਆਪਣੀ ਟੀਮ ਤੇ ਐਸ.ਡੀ.ਓ. ਮਨਜੀਤ ਸਿੰਘ ਸਮੇਤ ਸੜਕ ਦਾ ਦੌਰਾ ਕੀਤਾ ਅਤੇ ਜਿੱਥੇ ਤਾਜਾ ਹਾਦਸੇ ਹੋਏ ਹਨ, ਉਥੇ ਹੋਰ ਮਿੱਟੀ ਦੇ ਭਰੇ ਥੈਲੇ ਤੇ ਰਿਫਲੈਕਟਰ ਤੇ ਸਪੀਡ ਲਿਮਿਟ ਦੇ ਸਾਈਨ ਬੋਰਡ ਤੇ ਟੇਪ ਪੱਟੀਆਂ ਲਗਵਾਈਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੌੜੀ ਹੋ ਰਹੀ ਨਵੀਂ ਸਰਹਿੰਦ ਰੋਡ ਬਣਨ ਨਾਲ ਇਸ ਸੜਕ ਉਪਰ ਪਹਿਲਾਂ ਹਾਦਸਿਆਂ ਦਾ ਕਾਰਨ ਬਣਦੇ 12 ਬਲੈਕ ਸਪਾਟ ਖ਼ਤਮ ਹੋ ਜਾਣਗੇ ਤੇ ਆਵਾਜਾਈ ਨਿਰਵਿਘਨ ਚੱਲੇਗੀ।
ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਟਿਆਲਾ ਤੋਂ ਜੀ.ਟੀ. ਰੋਡ ਸਰਹਿੰਦ ਤੱਕ ਲਗਪਗ 28 ਕਿਲੋਮੀਟਰ ਰਸਤੇ ਨੂੰ ਚੌੜਾ ਕਰਕੇ ਚਾਰ ਮਾਰਗੀ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਜਿਸ ਤਹਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਸਰਹਿੰਦ ਜੀ.ਟੀ. ਰੋਡ ਤੱਕ 28 ਕਿਲੋਮੀਟਰ 'ਚੋਂ 21 ਕਿਲੋਮੀਟਰ ਚੌੜਾ ਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਜਦਕਿ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ 'ਤੇ ਨਵੇਂ ਸਟੀਲ ਪੁਲ ਦਾ ਨਿਰਮਾਣ ਕਾਰਜ ਮੁਕੰਮਲ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਬਾਰਨ ਤੱਕ 6.5 ਕਿਲੋਮੀਟਰ ਪਹਿਲਾਂ ਹੀ ਚਾਰ ਮਾਰਗੀ ਹੈ ਅਤੇ ਬਾਕੀ ਬਚਦੀ 10 ਮੀਟਰ ਚੌੜੀ 21 ਕਿਲੋਮੀਟਰ ਸੜਕ ਨੂੰ 4 ਮਾਰਗੀ ਕੀਤਾ ਜਾ ਰਿਹਾ ਹੈ, ਜਿਸ ਦੇ ਦੋਵੇਂ ਪਾਸੇ 8.75 ਮੀਟਰ ਚੌੜੀ ਹੋ ਰਹੀ ਹੈ ਅਤੇ ਵਿਚਕਾਰ 1.2 ਮੀਟਰ ਦਾ ਡੀਵਾਇਡਰ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸੜਕ ਕੇਵਲ ਵਪਾਰਕ ਤੇ ਸਮਾਜਿਕ ਤੌਰ 'ਤੇ ਹੀ ਮਹੱਤਤਾ ਨਹੀਂ ਰੱਖਦੀ ਬਲਕਿ ਇਹ ਧਾਰਮਿਕ ਤੌਰ 'ਤੇ ਸ਼ਰਧਾਲੂਆਂ ਲਈ ਵੀ ਬਹੁਤ ਮਹੱਤਤਾ ਰੱਖਦੀ ਹੈ, ਕਿਉਂਕਿ ਇਸ ਮਾਰਗ 'ਤੇ ਪਟਿਆਲਾ 'ਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਗੁਰੂ ਘਰ ਅਤੇ ਅੱਗੇ ਜਾ ਕੇ ਇਹ ਸੜਕ ਚਮਕੌਰ ਸਾਹਿਬ ਆਦਿ ਕਈ ਗੁਰਦੁਆਰਾ ਸਾਹਿਬਾਨ ਨੂੰ ਜੋੜਦੀ ਹੈ। ਇਸ ਤੋਂ ਬਿਨ੍ਹਾਂ ਪਟਿਆਲਾ-ਸਰਹਿੰਦ ਰੋਡ ਇੱਕ ਅਹਿਮ ਮਾਰਗ ਹੈ, ਜੋਕਿ ਪਟਿਆਲਾ ਜ਼ਿਲ੍ਹੇ ਨੂੰ ਜੀ.ਟੀ. ਰੋਡ ਰਾਹੀਂ ਬਾਕੀ ਪੰਜਾਬ ਤੇ ਜੰਮੂ-ਕਸ਼ਮੀਰ-ਹਿਮਾਚਲ ਆਦਿ ਰਾਜਾਂ ਨਾਲ ਵੀ ਜੋੜਦਾ ਹੈ।