ਮਹਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕੱਟ ਜਿਨ੍ਹਾਂ ਨੂੰ ਸੰਮਤ 1810 (ਸੰਨ1753 ਈ:) ‘ਚ ਸਰਹਿੰਦ ਦੇ ਨਵਾਬ ਅਬਦੁੱਸ ਸਮਦ ਖਾਂ ਨੇ ਤੰਬਾਕੂ ਵਾਲੀ ਪੰਡ (ਬੋਝਾ) ਨਾ ਚੁੱਕਣ ਤੇ ਪੁੱਠਿਆਂ ਟੰਗ ਕੇ ਪੁਠੀ ਖੱਲ ਉਤਾਰ ਕੇ ਕੀਤਾ ਸੀ ਸ਼ਹੀਦ
ਪਟਿਆਲਾ : ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਨੂੰ ਸਮਰਪਿਤ 273ਵਾਂ ਸਾਲਾਨਾ ਸ਼ਹੀਦੀ ਸਮਾਗਮ 7 ਮਾਰਚ ਤੋਂ 9 ਮਾਰਚ ਤੱਕ ਪਿੰਡ ਬਾਰਨ ਵਿਖੇ ਆਯੋਜਿਤ ਕੀਤਾ ਜਾਵੇਗਾ। ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਦੇ ਵਿਹੜੇ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਤਿੰਨ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਹਜ਼ਾਰਾਂ ਸ਼ਰਧਾਲੂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਣਗੇ।
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਅਤੇ ਕਮੇਟੀ ਦੇ ਮੈਂਬਰਾਂ ਰੋਸ਼ਨ ਸਿੰਘ, ਹਰਮੇਸ਼ ਸਿੰਘ,ਸੁਖਦੇਵ ਸਿੰਘ,ਗੁਰਧਿਆਨ ਸਿੰਘ, ਕਰਮ ਸਿੰਘ, ਗੁਰਜੰਟ ਸਿੰਘ ਸਰਪੰਚ, ਧਰਮ ਸਿੰਘ, ਗੁਰਚਰਨ ਸਿੰਘ, ਰਾਮ ਸਿੰਘ, ਬਲਜਿੰਦਰ ਸਿੰਘ, ਜੋਗਿੰਦਰ ਸਿੰਘ ਪੰਛੀ ਦਰਸ਼ਨ ਸਿੰਘ, ਜਿੰਦਰ ਸਿੰਘ ਨੇ ਦੱਸਿਆ ਕਿ ਮਹਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਨੂੰ ਸਰਹਿੰਦ ਦੇ ਨਵਾਬ ਅਬਦੁਸ ਸਮਦ ਖਾਨ ਨੇ ਸੰਮਤ 1810 (1753 ਈ.) ਵਿੱਚ ਤੰਬਾਕੂ ਦੀ ਥੈਲੀ (ਬੋਝ) ਨਾ ਚੁੱਕਣ ਕਰਕੇ ਖੱਲ ਉਤਾਰ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਪਤਨੀ ਮਾਤਾ ਧੰਨ ਕੌਰ ਅਤੇ ਪੁੱਤਰ ਭਾਈ ਕਰਨ ਸਿੰਘ, ਭਾਈ ਖੜਕ ਸਿੰਘ ਅਤੇ ਨੂੰਹ ਅਮਰ ਕੌਰ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਇਸ ਸਮਾਗਮ ਵਿੱਚ ਸੰਤ ਬਾਬਾ ਦਰਬਾਰਾ ਸਿੰਘ, ਭਾਈ ਸਿਮਰਨ ਜੀਤ ਸਿੰਘ, ਭਾਈ ਪਿਰਤਪਾਲ ਸਿੰਘ, ਸੰਤ ਬਾਬਾ ਹਰਬੰਸ ਸਿੰਘ, ਸੰਤ ਬਾਬਾ ਰਣਵੀਰ ਸਿੰਘ, ਸੰਤ ਬਾਬਾ ਧਰਮਪਾਲ ਸਿੰਘ, ਸੰਤ ਬਾਬਾ ਹਰਦੀਪਕ ਸਿੰਘ, ਜਥੇਦਾਰ ਅਮਰੀਕ ਸਿੰਘ ਕੀਰਤਨ ਜਥਿਆਂ ਰਾਹੀਂ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਅਤੇ ਕੀਰਤਨ ਦੀਵਾਨ 7 ਮਾਰਚ ਤੋਂ ਸ਼ੁਰੂ ਹੋਣਗੇ, ਜੋ 9 ਮਾਰਚ ਦਿਨ ਐਤਵਾਰ ਤੱਕ ਜਾਰੀ ਰਹਿਣਗੇ ਅਤੇ ਸੰਗਤਾਂ ਨੂੰ ਬੇਨਤੀ ਕੀਤੀ ਗੁਰੂਘਰ ਦੀ ਕਿਰਪਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਗੁਰੂ ਦਾ ਲੰਗਰ ਵੀ ਅਤੁੱਟ ਵਰਤੇਗਾ ।