ਹੁਸ਼ਿਆਰਪੁਰ : ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਜਬਰੀ ਸੇਵਾ-ਮੁਕਤ ਕਰਨ ਦੇ ਸ਼੍ਰੋਮਣੀ ਕਮੇਟੀ ਦੇ ਆਪਹੁਦਰੇ ਅਤੇ ਗੈਰ-ਸਿਧਾਂਤਿਕ ਫੈਸਲੇ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਗੈਰ ਸਿਧਾਂਤਕ ਤਾਜਪੋਸ਼ੀ ਦਾ ਦਲ ਖ਼ਾਲਸਾ ਨੇ ਸਖ਼ਤ ਨੋਟਿਸ ਲੈੰਦਿਆਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਦੇ ਓਹਨਾ ਗਿਆਰਾਂ ਮੈਂਬਰਾਂ ਨੂੰ ਸੰਗਤ ਵਿੱਚ ਘੇਰਕੇ ਜਵਾਬਦੇਹ ਬਣਾਇਆ ਜਾਵੇਗਾ ਜਿਨ੍ਹਾਂ ਨੇ ਬਾਦਲ ਦਲ ਦੇ ਇਸ਼ਾਰੇ ਉੱਤੇ ਅਜਿਹਾ ਗੈਰ ਸਿਧਾਂਤਕ ਫੈਸਲਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ, ਸਕੱਤਰ ਪਰਮਜੀਤ ਸਿੰਘ ਟਾਂਡਾ, ਰਣਵੀਰ ਸਿੰਘ, ਗੁਰਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਦੇ ਨਵ-ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਪਿਛੋਕੜ ਨਾਲ ਕੋਈ ਵਿਵਾਦ ਨਹੀਂ ਜੁੜਿਆ ਸੀ ਪਰ ਬਾਦਲ ਦਲ ਨੇ ਜਿਸ ਤਰੀਕੇ ਨਾਲ ਪੰਥ ਨੂੰ ਬਿਨਾ ਭਰੋਸੇ ਵਿੱਚ ਲਿਆਂ ਅਤੇ ਪੰਥਕ ਨਿਯਮਾਂ ਨੂੰ ਦਰ-ਕਿਨਾਰ ਕਰਕੇ ਉਹਨਾਂ ਦੀ ਨਿਯੁਕਤੀ ਅਤੇ ਤਾਜਪੋਸ਼ੀ ਕੀਤੀ ਹੈ ਉਸ ਨਾਲ ਭਾਈ ਗੜਗੱਜ ਪਹਿਲੇ ਦਿਨ ਹੀ ਵਿਵਾਦਿਤ ਬਣ ਗਏ ਹਨ। ਉਹਨਾਂ ਵਿਅੰਗ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਬਿਨਾ ਕਿਸੇ ਨੂੰ ਦੱਸੇ ਹਨੇਰੇ ਵਿੱਚ ਹੀ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੀ ਸੀ, ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਇੱਕ ਤਰਾ ਨਾਲ ਜਥੇਦਾਰ ਸਾਹਿਬ ਦੀ ਪਦਵੀ ਨੂੰ “ਫਾਂਸੀ” ਲਗਾਈ ਹੈ। ਓਹਨਾ ਕਿਹਾ ਕਿ ਇਹ ਇਤਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੌਮ ਦੇ ਜਥੇਦਾਰ ਦੀ ਤਾਜਪੋਸ਼ੀ ਹੋ ਰਹੀ ਹੋਵੇ ਅਤੇ ਕੌਮ ਦਾ ਕੋਈ ਵੀ ਨੁਮਾਇੰਦਾ ਹਾਜ਼ਰ ਨਾ ਹੋਵੇ। ਮੌਕੇ ਉੱਤੇ ਸਿਰਫ ਸ਼੍ਰੋਮਣੀ ਕਮੇਟੀ ਦੇ ਕੁਝ ਕ ਅਹੁਦੇਦਾਰਾਂ ਦੀ ਹਾਜ਼ਰੀ ਉੱਤੇ ਬੋਲਦੇ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਜਥੇਦਾਰ ਕੌਮ ਦੇ ਨਹੀਂ ਬਲਕਿ ਇਕੱਲੇ ਅਕਾਲੀ ਦਲ ਬਾਦਲ ਨੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮਿਆਰ ਕਿੰਨਾ ਹੇਠਾਂ ਡਿੱਗ ਗਿਆ ਹੈ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੀ ਗੱਲ ਰੱਖਣ ਲਈ ਸੁੱਚਾ ਸਿੰਘ ਲੰਗਾਹ ਵਰਗੇ ਦਾਗ਼ੀ ਵਿਅਕਤੀ ਨੂੰ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਸਵੇਰੇ ਪੱਤਰਕਾਰਾ ਨੂੰ ਇਹ ਕਹਿ ਰਹੇ ਹਨ ਕਿ ਜਥੇਦਾਰ ਦੀ ਸਵੇਰੇ ਮਨੇਰੇ ਤਾਜਪੋਸੀ ਤਾਂ ਕੀਤੀ ਗਈ ਕਿਓ ਕਿ ਹੋਲੇ ਮੁਹੱਲੇ ਉੱਤੇ ਸੰਗਤ ਬਹੁਤ ਹੋ ਜਾਂਦੀ ਹੈ ਬਾਅਦ ਵਿਚ ਪ੍ਰੈਸ ਨੂੰ ਕਿਹਾ ਜਾ ਰਿਹਾ ਹੈ ਕਿ ਖੂਨ ਖਰਾਬਾ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਭਾਈ ਮੰਡ ਨੇ ਕਿਹਾ ਕਿ ਅਜਿਹੇ ਬਿਆਨ ਸ਼੍ਰੋਮਣੀ ਕਮੇਟੀ ਦੇ ਆਗੂਆਂ ਦੀ ਸਮਝ ਦਾ ਅੰਦਾਜ਼ਾ ਲਗਾਉਣ ਲਈ ਕਾਫ਼ੀ ਹੈ। ਭਾਈ ਮੰਡ ਨੇ ਸਵਾਲ ਕੀਤਾ ਕਿ ਆਖਿਰ ਇਹ ਖੂਨ ਖਰਾਬੇ ਵਾਲੇ ਮਾਹੌਲ ਲਈ ਜ਼ਿੰਮੇਵਾਰ ਕੌਣ ਹੈ? ਓਹਨਾ ਕਿਹਾ ਇਸ ਲਈ ਖੁਦ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ ਪਰ ਅਫ਼ਸੋਸ ਕਿ ਕਮੇਟੀ ਆਪਣੀ ਗਲਤੀ ਸੁਧਾਰਨ ਦੀ ਬਜਾਏ ਹੋਰ ਗਲਤੀਆਂ ਕਰਦੀ ਜਾ ਰਹੀ ਹੈ।
ਦਲ ਖ਼ਾਲਸਾ ਨੇ ਕਿਹਾ ਕਿ ਅਕਾਲੀਆਂ ਵੱਲੋਂ ਤਖਤਾਂ ਦੀ ਮਾਣ ਮਰਯਾਦਾ ਅਤੇ ਸਰਵਉੱਚਤਾ ਅਤੇ ਜਥੇਦਾਰ ਦੀ ਪਦਵੀ ਨਾਲ ਖਿਲਵਾੜ ਕਰਨ ਦੀ ਕਵਾਇਦ ਜਾਰੀ ਹੈ।
ਉਨ੍ਹਾਂ ਕਿਹਾ ਕਿ ਇਸ ਪੰਥਕ ਸੰਕਟ ਨਾਲ ਨਜਿੱਠਣ ਲਈ ਅਤੇ ਸਰਵ-ਪ੍ਰਵਾਣਿਤ ਯੋਗ ਸ਼ਖ਼ਸੀਅਤ ਨੂੰ ਤਖ਼ਤ ਦੇ ਜਥੇਦਾਰ ਦੀ ਸੇਵਾ ਸੌਂਪਣ ਲਈ ਸਭ ਤੋ ਜ਼ਰੂਰੀ ਤੇ ਪਹਿਲਾ ਕਦਮ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਅਤੇ ਉਸਦੀ ਜੁੰਡਲੀ ਦੇ ਨਾਪਾਕ ਹੱਥਾਂ ਦੇ ਚੁੰਗਲ ਤੋਂ ਮੁਕਤ ਕਰਵਾਉਣਾ ਹੈ। ਦਲ ਖ਼ਾਲਸਾ ਵੱਲੋਂ ਹੋਲੇ ਮਹੱਲੇ ਮੌਕੇ ਦਿੱਲੀ ਫਤਹਿ ਦਿਵਸ ਨੂੰ ਸਮਰਪਿਤ 13 ਮਾਰਚ ਨੂੰ ਹੁਸ਼ਿਆਰਪੁਰ ਤੋਂ ਅਨੰਦਪੁਰ ਸਾਹਿਬ ਤੱਕ ‘ਕੇਸਗੜ੍ਹ ਦੀ ਲਲਕਾਰ’ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ ।
ਭਾਈ ਬਲਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਮਾਰਚ ਦਾ ਉਦੇਸ਼ ਸਿਖਾਂ ਦੇ ਜੁਝਾਰੂ ਜਜ਼ਬਿਆਂ ਅਤੇ ਵਿਲੱਖਣਤਾ ਦੀ ਤਰਜਮਾਨੀ ਕਰਨਾ, ਸਿੱਖ ਰਾਸ਼ਟਰ ਦੇ ਸੰਕਲਪ ਅਤੇ ਕੌਮੀਅਤ ਦੇ ਸਿਧਾਂਤ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤੇ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਣਾ ਹੈ। ਉਹਨਾਂ ਦੱਸਿਆ ਕਿ ਮਾਰਚ ਦੀ ਸ਼ੁਰੂਆਤ ਗੁਰਦੁਆਰਾ ਕਲਗੀਧਰ ਸਾਹਿਬ ਨੇੜੇ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਤੋਂ ਹੋਵੇਗਾ ਜੋ ਗੜ੍ਹਸ਼ੰਕਰ ਹੁੰਦਾ ਸ਼ਾਮ ਨੂੰ ਅਨੰਦਪੁਰ ਸਾਹਿਬ ਪਹੁੰਚੇਗਾ। ਉਹਨਾਂ ਹਮ-ਖਿਆਲੀ ਜਥੇਬੰਦੀਆਂ ਅਤੇ ਖਾਸ ਕਰ ਪੰਥਕ ਜਜ਼ਬੇ ਵਾਲੇ ਨੌਜਵਾਨਾਂ ਨੂੰ ਮੋਟਰ-ਸਾਈਕਲਾਂ, ਖੁੱਲੀਆਂ ਗੱਡੀਆਂ ਅਤੇ ਟਰੈਕਟਰ-ਟ੍ਰਾਲੀਆਂ ਤੇ ਕਾਫ਼ਲੇ ਦਾ ਹਿੱਸਾ ਬਨਣ ਦੀ ਅਪੀਲ ਕੀਤੀ ।