ਮਿਲਾਵਟੀਖੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਅਦਿਤੀ ਗੁਪਤਾ
ਸੁਨਾਮ : ਸੂਬੇ ਦੇ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤਾਂ ਮੁੱਹਈਆ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਮਿਲਾਵਟੀਖੋਰਾਂ ਤੇ ਸ਼ਿਕੰਜਾ ਕਸਦਿਆਂ ਸੋਮਵਾਰ ਨੂੰ ਸੁਨਾਮ ਵਿਖੇ ਫੂਡ ਸੇਫਟੀ ਵਿਭਾਗ ਵੱਲੋਂ ਸਹਾਇਕ ਕਮਿਸ਼ਨਰ ਅਦਿਤੀ ਗੁਪਤਾ ਅਤੇ ਜ਼ਿਲ੍ਹਾ ਫੂਡ ਅਫ਼ਸਰ ਚਰਨਜੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਕਰਿਆਨੇ ਦੀਆਂ ਦੁਕਾਨਾਂ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲਏ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਲਦੀ, ਮਿਰਚ, ਸਰ੍ਹੋਂ ਦਾ ਤੇਲ, ਸੋਸ , ਕੋਲਡ ਡਰਿੰਕ ਅਤੇ ਨਮਕੀਨ ਦੇ ਲਏ ਸੈਂਪਲ ਜਾਂਚ ਲਈ ਲੈਬ ਨੂੰ ਭੇਜੇ ਜਾਣਗੇ। ਜਾਂਚ ਰਿਪੋਰਟ ਮਿਲਣ ਤੋਂ ਬਾਅਦ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਖਰੀਦ ਅਤੇ ਵਿਕਰੀ ਨਾ ਕਰਨ। ਮਿਲਾਵਟੀ ਭੋਜਨ ਪਦਾਰਥ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਵਿਭਾਗ ਦੀ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ। ਅਧਿਕਾਰੀਆਂ ਨੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਫੂਡ ਲਾਇਸੰਸ ਜ਼ਰੂਰ ਲੈਣ। ਇਹ ਹਰ ਕਿਸੇ ਲਈ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਲਾਇਸੈਂਸ ਯਕੀਨੀ ਬਣਾਉਣ ਲਈ ਨਿਯਮਤ ਜਾਂਚ ਕੀਤੀ ਜਾਵੇਗੀ। ਫ਼ੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਆਪਣੇ ਨਿੱਜੀ ਸਵਾਰਥਾਂ ਲਈ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਪੈਦਾ ਨਾ ਕੀਤਾ ਜਾਵੇ। ਮਿਲਾਵਟੀ ਵਸਤੂਆਂ ਨਾਲ ਇਨਸਾਨ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਅਜਿਹੇ ਵਰਤਾਰੇ ਤੋਂ ਬਚਾਅ ਹਰ ਇਕ ਲਈ ਜ਼ਰੂਰੀ ਹੈ।