ਮੋਹਾਲੀ : ਸਥਾਨਕ ਈ.ਐਸ.ਆਈ. ਹਸਪਤਾਲ ਫ਼ੇਜ਼ 7 ਵਿਖੇ ਅੱਜ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ ਪਰਵਾਰ ਭਲਾਈ ਡਾ. ਜਸਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਪੁੱਜੇ। ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਡੈਂਟਲ ਅਫ਼ਸਰ ਡਾ. ਨਿਸ਼ਾ ਕਲੇਰ ਨੇ ਦੰਦਾਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਦੰਦਾਂ ਦੀ ਸਹੀ ਢੰਗ ਨਾਲ ਸਫ਼ਾਈ ਅਤੇ ਸੰਭਾਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਅਸੀਂ ਦੰਦ ਪੀੜ ਨੂੰ ਮਾਮੂਲੀ ਗੱਲ ਸਮਝ ਕੇ ਅਣਡਿੱਠ ਕਰ ਦਿੰਦੇ ਹਾਂ ਪਰ ਅਜਿਹੀ ਹਾਲਤ ਵਿਚ ਤੁਰੰਤ ਡਾਕਟਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਕਿਉਂਕਿ ਦੰਦ ਪੀੜ ਦੰਦ ਦੇ ਖ਼ਰਾਬ ਹੋਣ ਦਾ ਸੰਕੇਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੰਦ ਵੀ ਸਾਡੇ ਸਰੀਰ ਦਾ ਅਹਿਮ ਅੰਗ ਹਨ ਅਤੇ ਇਨ੍ਹਾਂ ਦੀ ਤੰਦਰੁਸਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਸਿਹਤਮੰਦ ਦੰਦਾਂ ਲਈ ਸਹੀ ਢੰਗ ਨਾਲ ਬਰੱਸ਼ ਕੀਤਾ ਜਾਵੇ। ਬਹੁਤ ਜ਼ੋਰ ਨਾਲ ਬਰੱਸ਼ ਨਾ ਕੀਤਾ ਅਤੇ ਮਸੂੜਿਆਂ ਉਤੇ ਬਰੱਸ਼ ਨਾ ਕੀਤਾ ਜਾਵੇ। ਹਰ ਤਿੰਨ ਮਹੀਨੇ ਮਗਰੋਂ ਬਰੱਸ਼ ਬਦਲਿਆ ਜਾਵੇ। ਬਹੁਤ ਜ਼ਿਆਦਾ ਠੰਢਾ ਜਾਂ ਗਰਮ ਲੱਗਣ ’ਤੇ ਡਾਕਟਰ ਦੀ ਸਲਾਹ ਲਈ ਜਾਵੇ।
ਡਾ. ਕਲੇਰ ਨੇ ਆਖਿਆ ਕਿ ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਕਰਨ ਦੀ ਆਦਤ ਪਾਈ ਜਾਵੇ। ਤੰਬਾਕੂ ਆਦਿ ਦੀ ਵਰਤੋਂ ਤੋਂ ਪ੍ਰਹੇਜ਼ ਬਹੁਤ ਜ਼ਰੂਰੀ ਹੈ। ਉਨ੍ਹਾਂ ਦੰਦਾਂ ਦੀਆਂ ਵੱਖ ਵੱਖ ਬਿਮਾਰੀਆਂ ਦੇ ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਦਸਿਆ। ਸਮਾਗਮ ਵਿਚ ਐਸ.ਐਮ.ਓ. ਡਾ. ਹਰਪ੍ਰੀਤ ਕੌਰ ਧਾਲੀਵਾਲ, ਡਾ. ਹਰਕੀਰਤ ਕੌਰ ਅਤੇ ਹੋਰ ਸਟਾਫ਼ ਮੌਜੂਦ ਸੀ।