ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਬੂਥਗੜ੍ਹ : ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਵਿਸ਼ਵ ਮੌਖਿਕ ਸਿਹਤ ਦਿਵਸ ਮਨਾਇਆ ਗਿਆ। ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਡਾ. ਅਰੁਣ ਬਾਂਸਲ ਨੇ ਕਿਹਾ ਕਿ ਮੂੰਹ ਦੀ ਤੰਦਰੁਸਤੀ ਤੇ ਦੰਦਾਂ ਦੀ ਮਜ਼ਬੂਤੀ ਲਈ ਹਰੇਕ ਵਿਅਕਤੀ ਨੂੰ ਸੁਨਹਿਰੇ ਨਿਯਮ ਅਪਣਾਉਣੇ ਚਾਹੀਦੇ ਹਨ ਜਿਵੇਂ ਕਿ ਸਾਡਾ ਭੋਜਨ ਵਿਟਾਮਿਨ, ਖਣਿਜ ਪਦਾਰਥ ਤੇ ਕੈਲਸ਼ੀਅਮ ਯੁਕਤ ਹੋਣਾ ਚਾਹੀਦਾ ਹੈ। ਭੋਜਨ 'ਚ ਜ਼ਿਆਦਾ ਚਿਪਕਣ ਵਾਲੀਆਂ ਅਤੇ ਮਿੱਠੀਆਂ ਚੀਜਾਂ ਦੀ ਵਰਤੋ ਨਹੀਂ ਕਰਨੀ ਚਾਹੀਦੀ, ਨਿਯਮਤ ਰੂਪ 'ਚ ਦੰਦਾਂ ਦੇ ਮਾਹਿਰ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ (ਖਾਸ ਕਰ ਹਰ ਛੇ ਮਹੀਨਿਆ ਬਾਅਦ) ਤੇ ਦੰਦਾਂ ਦੇ ਨਾਲ-ਨਾਲ ਜੀਭ ਦੀ ਸਫ਼ਾਈ ਵੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵੇਰੇ ਨਾਸ਼ਤੇ ਤੇ ਰਾਤ ਦੇ ਭੋਜਨ ਤੋਂ ਬਾਅਦ ਬਰਸ਼ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਹਰ ਖਾਣੇ ਤੋਂ ਬਾਅਦ ਸਾਫ ਪਾਣੀ ਨਾਲ ਕੁਰਲਾ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੰਦ, ਮੂੰਹ ਅਤੇ ਜੀਭ ਸਾਰੇ ਸਾਡੇ ਸਰੀਰ ਦਾ ਅਹਿਮ ਹਿੱਸਾ ਹਨ। ਦੰਦ, ਦਾੜ੍ਹ, ਜੀਭ ਅਤੇ ਮੂੰਹ ਵੱਲ ਸਾਨੂੰ ਛੋਟੀ ਉਮਰ ਤੋਂ ਲੈ ਕੇ ਬੁਢਾਪੇ ਤੱਕ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ। ਦੰਦਾਂ ਦੀ ਚੰਗੀ ਸਿਹਤ ਦੀ ਮਹੱਤਤਾ ਨੂੰ ਘੱਟ ਨਹੀਂ ਸਮਿਝਆ ਜਾਣਾ ਚਾਹੀਦਾ, ਦੰਦਾਂ ਨੂੰ ਸਾਫ ਕਰਨ ਲਈ ਹਮੇਸ਼ਾ ਫਲੋਰਾਈਡ ਟੂਥਪੇਸਟ ਦੀ ਵਰਤੋਂ ਕਰੋ, ਟੂਥਬਰਸ਼ ਨਾਲ 45 ਡਿਗਰੀ ਦੇ ਕੋਣ 'ਤੇ ਆਪਣੇ ਦੰਦਾਂ ਨੂੰ ਹੌਲੀ-ਹੌਲੀ ਅੱਗੇ-ਪਿੱਛੇ ਬੁਰਸ ਕਰੋ, ਦੰਦਾਂ ਨੂੰ ਬਾਹਰੋਂ ਅਤੇ ਅੰਦਰੋਂ ਹੌਲੀ-ਹੌਲੀ ਸਾਫ ਕਰੋ, ਪਿਛਲੇ ਪਾਸੇ ਆਪਣੇ ਦੰਦਾਂ ਨੂੰ ਸਾਫ ਕਰਨਾ ਨਾ ਭੁੱਲੋ ਅਤੇ ਦੰਦ ਸਾਫ ਕਰਨ ਲਈ ਵਧੀਆ ਕੁਆਲਿਟੀ ਦੇ ਬਰਸ਼ ਵਰਤੇ ਜਾਣ। ਖਾਣਾ ਚੰਗੀ ਤਰ੍ਹਾਂ ਚਬਾ ਕੇ ਖਾਓ, ਵਿਟਾਮਿਨ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਭੋਜਨ ਦੀ ਵਰਤੋਂ ਕਰੋ, ਭੋਜਨ ਕਰਨ ਤੋਂ ਬਾਅਦ ਆਪਣੇ ਦੰਦਾਂ ਨੂੰ ਬੁਰਸ਼ ਨਾਲ ਸਾਫ਼ ਕਰੋ ਤਾਂ ਕਿ ਦੰਦਾਂ ਉੱਤੇ ਜੰਮੀ ਪੇਪੜੀ ਨੂੰ ਦੂਰ ਕੀਤਾ ਜਾ ਸਕੇ ਅਤੇ ਤੰਬਾਕੂ ਪਦਾਰਥਾਂ ਤੋਂ ਪ੍ਰਹੇਜ਼ ਕਰੋ। ਇਸ ਮੌਕੇ ਐਲ.ਐਚ.ਵੀ. ਗੁਰਮੀਤ ਕੌਰ ਤੇ ਹੋਰ ਸਟਾਫ਼ ਮੌਜੂਦ ਸੀ।