ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਕਣਕ ਮੰਡੀ ਇਲਾਕੇ ਵਿੱਚ ਸਥਿਤ ਅਹਿਮਦੀਆ ਮਸਜਿਦ ਵਿੱਚ ਅੱਜ ਸਵੇਰੇ ਈਦ-ਉਲ-ਫਿਤਰ ਦੀ ਨਮਾਜ਼ ਪੂਰੇ ਜੋਸ਼ ਅਤੇ ਸ਼ਰਧਾ ਨਾਲ ਅਦਾ ਕੀਤੀ ਗਈ। ਈਦ ਦੀ ਨਮਾਜ਼ ਦੀ ਅਗਵਾਈ ਮੌਲਵੀ ਮੁਹੰਮਦ ਤਲਹਾ ਇੰਡੋਨੇਸ਼ੀਆ ਨੇ ਕੀਤੀ। ਨਮਾਜ਼ ਤੋਂ ਬਾਅਦ ਅਹਿਮਦੀਆ ਜਮਾਅਤ ਦੇ ਜ਼ਿਲ੍ਹਾ ਪ੍ਰਧਾਨ ਸ਼ੇਖ ਮੰਨਾਨ ਨੇ ਹਾਜ਼ਰ ਲੋਕਾਂ ਨੂੰ ਈਦ ਦੇ ਮੌਕੇ ’ਤੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਇਨਸਾਨੀਅਤ ਪ੍ਰਤੀ ਹਮਦਰਦੀ ਅਤੇ ਸਹਾਨੁਭੂਤੀ ਸਭ ਤੋਂ ਵੱਡੀ ਇਬਾਦਤ ਹੈ, ਜੋ ਅੱਲ੍ਹਾ ਦੀ ਖੁਸ਼ਨੂਦੀ ਹਾਸਲ ਕਰਨ ਦਾ ਸਭ ਤੋਂ ਉੱਤਮ ਰਾਹ ਹੈ। ਇਹ ਵਿਚਾਰ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦਿਆਨੀ ਦੇ ਕਥਨ ਤੋਂ ਪ੍ਰੇਰਿਤ ਹੈ। ਸ਼ੇਖ ਮੰਨਾਨ ਨੇ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਆਪਣੀਆਂ ਬਰਕਤਾਂ ਨਾਲ ਖਤਮ ਹੋਣ ਤੋਂ ਬਾਅਦ ਈਦ-ਉਲ-ਫਿਤਰ ਦਾ ਤਿਉਹਾਰ ਸ਼ੁਰੂ ਹੁੰਦਾ ਹੈ। ਇਹ ਤਿਉਹਾਰ ਮੁਸਲਮਾਨਾਂ ਲਈ ਅੱਲ੍ਹਾ ਦੀ ਇਬਾਦਤ ਕਰਦਿਆਂ ਖੁਸ਼ੀਆਂ ਮਨਾਉਣ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਈਦ ਅਮਨ, ਹਮਦਰਦੀ, ਗਰੀਬਾਂ ਦੀ ਸੇਵਾ ਅਤੇ ਇਨਸਾਨੀਅਤ ਪ੍ਰਤੀ ਪਿਆਰ ਵਰਗੇ ਗੁਣਾਂ ਨੂੰ ਉਤਸ਼ਾਹਿਤ ਕਰਦੀ ਹੈ, ਜੋ ਸਾਨੂੰ ਰਮਜ਼ਾਨ ਦੀਆਂ ਸਿੱਖਿਆਵਾਂ ਤੋਂ ਮਿਲਦੇ ਹਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰਮਜ਼ਾਨ ਦੌਰਾਨ ਮਿਲੀਆਂ ਸਿੱਖਿਆਵਾਂ ਅਤੇ ਨੇਮਤਾਂ ਨੂੰ ਸਾਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਚਾਹੀਦਾ ਹੈ। ਈਦ ਦਾ ਦਿਨ ਇਨ੍ਹਾਂ ਬਰਕਤਾਂ ਪ੍ਰਤੀ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਦਾ ਮੌਕਾ ਹੈ, ਜੋ ਸਾਡੀ ਜ਼ਿੰਦਗੀ ਨੂੰ ਬੇਸ਼ੁਮਾਰ ਖੁਸ਼ੀਆਂ ਨਾਲ ਭਰ ਦਿੰਦੀਆਂ ਹਨ। ਇਸਲਾਮ ਦੀਆਂ ਸਿੱਖਿਆਵਾਂ ’ਤੇ ਚਾਨਣਾ ਪਾਉਂਦਿਆਂ ਸ਼ੇਖ ਮੰਨਾਨ ਨੇ ਕਿਹਾ ਕਿ ਇਸ ਵਿੱਚ ਅੱਲ੍ਹਾ ਦੇ ਹੱਕਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਉਸ ਦੀ ਸ੍ਰਿਸ਼ਟੀ ਦੀ ਸੇਵਾ ਕਰਨ ਦਾ ਵੀ ਹੁਕਮ ਹੈ। ਇਨਸਾਨੀਅਤ ਪ੍ਰਤੀ ਹਮਦਰਦੀ ਅਤੇ ਸਦਕਾ-ਏ-ਫਿਤਰ ਵਰਗੇ ਦਾਨ ਨੂੰ ਹਰ ਮੁਸਲਮਾਨ ਲਈ ਜ਼ਰੂਰੀ ਕੀਤਾ ਗਿਆ ਹੈ, ਤਾਂ ਜੋ ਗਰੀਬ ਅਤੇ ਲੋੜਵੰਦ ਵੀ ਈਦ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਸਕਣ। ਉਨ੍ਹਾਂ ਕਿਹਾ, “ਇੱਕ ਮੁਸਲਮਾਨ ਦੀ ਸੱਚੀ ਈਦ ਉਦੋਂ ਹੀ ਪੂਰੀ ਹੁੰਦੀ ਹੈ, ਜਦੋਂ ਉਹ ਆਪਣੀਆਂ ਖੁਸ਼ੀਆਂ ਨੂੰ ਲੋੜਵੰਦਾਂ ਨਾਲ ਸਾਂਝਾ ਕਰਦਾ ਹੈ।ਉਨ੍ਹਾਂ ਨੇ ਜਮਾਅਤ ਅਹਿਮਦੀਆ ਦੇ ਬਾਨੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਦੇ ਕਥਨ ਦਾ ਹਵਾਲਾ ਦਿੰਦਿਆਂ ਕਿਹਾ, “ਇਨਸਾਨੀਅਤ ਪ੍ਰਤੀ ਹਮਦਰਦੀ ਸਭ ਤੋਂ ਵੱਡੀ ਇਬਾਦਤ ਹੈ ਅਤੇ ਇਹ ਅੱਲ੍ਹਾ ਦੀ ਰਜ਼ਾ ਹਾਸਲ ਕਰਨ ਦਾ ਸਭ ਤੋਂ ਵਧੀਆ ਰਾਹ ਹੈ।” ਨਾਲ ਹੀ, ਜਮਾਅਤ ਅਹਿਮਦੀਆ ਦੇ ਰੂਹਾਨੀ ਖਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਦੇ ਈਦ ਨਾਲ ਸਬੰਧਤ ਸੁਨੇਹੇ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਫਰਮਾਇਆ, “ਈਦ ਦਾ ਦਿਨ ਸਿਰਫ ਤਿਉਹਾਰ ਮਨਾਉਣ ਲਈ ਨਹੀਂ ਹੈ, ਸਗੋਂ ਇਹ ਅੱਲ੍ਹਾ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਆਮ ਦਿਨਾਂ ਨਾਲੋਂ ਵੀ ਵੱਧ ਲਗਨ ਨਾਲ ਨਿਭਾਉਣ ਦਾ ਮੌਕਾ ਹੈ। ਸਾਨੂੰ ਆਪਣੀ ਇਬਾਦਤ ਦੇ ਨਾਲ-ਨਾਲ ਦੂਜਿਆਂ ਦੇ ਹੱਕਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਅਹਿਮਦੀਆ ਮੁਸਲਿਮ ਜਮਾਅਤ ਭਾਰਤ ਨੇ ਈਦ ਦੇ ਇਸ ਪਵਿੱਤਰ ਮੌਕੇ ’ਤੇ ਸਾਰੇ ਦੇਸ਼ ਵਾਸੀਆਂ ਨੂੰ ਦਿਲੀ ਮੁਬਾਰਕਬਾਦ ਦਿੱਤੀ ਅਤੇ ਦੇਸ਼ ਦੀ ਏਕਤਾ, ਅਖੰਡਤਾ, ਤਰੱਕੀ ਅਤੇ ਅਮਨ ਲਈ ਵਿਸ਼ੇਸ਼ ਦੁਆ ਕੀਤੀ। ਸਮਾਗਮ ਦੇ ਅੰਤ ਵਿੱਚ ਸਾਰਿਆਂ ਨੇ ਇੱਕ-ਦੂਜੇ ਨਾਲ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ’ਤੇ ਬਲਜੀਤ ਨਨਹਾੜ, ਸ਼ਮਸ਼ੇਰ ਖਾਨ, ਸੱਦਾਮ ਹੁਸੈਨ, ਵਲੀਦ ਅਹਿਮਦ, ਰੁਸਤਮ, ਰੱਬਾਨ ਸਮੇਤ ਕਈ ਹੋਰ ਲੋਕ ਹਾਜ਼ਰ ਸਨ।