ਮਾਮਲੇ ਨਾਲ ਸਬੰਧਤ ਜਾਣਕਾਰੀ ਦੇਣ ਲਈ ਫੋਨ ਨੰਬਰ 7508300342 ਜਾਰੀ
ਸਿੱਟ 2 ਅਪ੍ਰੈਲ ਨੂੰ ਸਰਕਟ ਹਾਊਸ ਵਿਖੇ ਮੁੜ ਕਰੇਗੀ ਜਾਂਚ, ਮੌਕੇ ਦੇ ਗਵਾਹ ਸਬੰਧਤ ਵੀਡੀਉ ਜਾਂ ਬਿਆਨ ਦੇਣ ਤੇ ਕੋਈ ਹੋਰ ਤੱਥ ਪੇਸ਼ ਕਰਨ ਲਈ ਮਿਲ ਸਕਣਗੇ
ਪਟਿਆਲਾ : ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਮਾਮਲੇ ਦੀ ਜਾਂਚ ਕਰਨ ਲਈ ਡੀ.ਜੀ.ਪੀ. ਪੰਜਾਬ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਏ.ਡੀ.ਜੀ.ਪੀ. ਸ. ਏ.ਐਸ. ਰਾਏ ਨੇ ਪਟਿਆਲਾ ਪੁੱਜ ਕੇ ਮਾਮਲੇ ਦੀ ਜਾਂਚ ਅਰੰਭੀ। ਉਨ੍ਹਾਂ ਨੇ ਰਜਿੰਦਰਾ ਹਸਪਤਾਲ ਦੇ ਬਾਹਰ ਸਬੰਧਤ ਢਾਬੇ ਨੇੜੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਘਟਨਾ ਦੇ ਸਾਰੇ ਤੱਥਾਂ ਨੂੰ ਇਕੱਠਾ ਕੀਤਾ ਅਤੇ ਮਾਮਲੇ ਦੀ ਜਾਂਚ ਲਈ ਸਾਰੇ ਪਹਿਲੂ ਮਿਸਲ ‘ਤੇ ਲਿਆਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ।ਉਨ੍ਹਾਂ ਦੇ ਨਾਲ ਸਿਟ ਮੈਂਬਰ ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਮਲਿਕ, ਐਸ.ਪੀ. ਐਸ.ਏ.ਐਸ ਨਗਰ ਮਨਪ੍ਰੀਤ ਸਿੰਘ ਅਤੇ ਡੀ.ਐਸ.ਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਵੀ ਮੌਜੂਦ ਸਨ।
ਪਟਿਆਲਾ ਦੇ ਸਰਕਟ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਏ.ਡੀ.ਜੀ.ਪੀ. ਸ. ਏ.ਐਸ.ਰਾਏ ਨੇ ਸਪੱਸ਼ਟ ਕੀਤਾ ਕਿ ਸਿਟ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਵਿਗਿਆਨਕ ਤੇ ਫਾਰੈਂਸਿਕ ਅਤੇ ਤੱਥਾਂ ‘ਤੇ ਅਧਾਰਿਤ ਨਿਰਪੱਖ ਢੰਗ ਨਾਲ ਕੀਤੀ ਜਾਵੇਗੀ।ਉਨ੍ਹਾਂ ਨੇ ਇਸ ਮਾਮਲੇ ਨੂੰ ਨਤੀਜੇ ਤੱਕ ਪਹੁੰਚਾਉਣ ਲਈ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਮਾਮਲੇ ਨਾਲ ਸਬੰਧਤ ਜੇਕਰ ਕਿਸੇ ਕੋਲ ਕੋਈ ਵੀਡੀਉ, ਕੋਈ ਹੋਰ ਸਬੂਤ ਜਾਂ ਮਿਲ ਕੇ ਕੋਈ ਬਿਆਨ ਦੇਣਾ ਚਾਹੁੰਦਾ ਹੈ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਮਿਤੀ 2 ਅਪ੍ਰੈਲ ਨੂੰ ਸਰਕਟ ਹਾਊਸ ਪਟਿਆਲਾ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿਟ ਨੂੰ ਮਿਲ ਸਕਦਾ ਹੈ। ਏ. ਐਸ ਰਾਏ ਕਿਹਾ ਕਿ ਇਸ ਤੋਂ ਇਲਾਵਾ ਸਿਟ ਮੈਂਬਰ ਡੀਐਸਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਦੇ ਫੋਨ ਨੰਬਰ 75083 00342 ‘ਤੇ ਵੀ ਜਾਂਚ ਨਾਲ ਸਬੰਧਤ ਸੂਚਨਾ ਦਿੱਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਢਾਬਾ ਮਾਲਕ ਸਮੇਤ ਕੋਈ ਵੀ ਵਿਅਕਤੀ ਇਸ ਜਾਂਚ ਵਿੱਚ ਸ਼ਾਮਲ ਹੋ ਸਕਦਾ ਹੈ ਕਿਉਂਕਿ ਜਾਂਚ ਦਾ ਘੇਰਾ ਵਿਸ਼ਾਲ ਹੋਵੇਗਾ ਅਤੇ ਇਸ ਨੂੰ ਨਤੀਜੇ ‘ਤੇ ਲਿਜਾਇਆ ਜਾਵੇਗਾ।
ਏ.ਡੀ.ਜੀ.ਪੀ. ਸ. ਏ.ਐਸ.ਰਾਏ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਿਟ ਟੀਮ ਬਣਾਉਣ ਦਾ ਮੁੱਖ ਮਕਸਦ ਪੂਰੇ ਘਟਨਾਕ੍ਰਮ ਦੀ ਸ਼ੁਰੂ ਤੋਂ ਘੋਖ ਕਰਕੇ ਸੱਚਾਈ ਨੂੰ ਸਾਹਮਣੇ ਲਿਆਉਣਾ ਹੈ।ਉਹਨਾਂ ਕਿਹਾ ਕਿ ਪੰਜਾਬ ਲਈ ਇਹ ਬਹੁਤ ਮੰਦਭਾਗੀ ਘਟਨਾ ਹੈ, ਜੋ ਕਿ ਨਹੀ ਸੀ ਵਾਪਰਨੀ ਚਾਹੀਦੀ, ਕਿਉਂਕਿ ਜਿੱਥੇ ਸਾਡੇ ਮਨਾਂ ਵਿੱਚ ਦੇਸ਼ ਦੀ ਫੌਜ ਲਈ ਅਥਾਹ ਸਤਿਕਾਰ ਹੈ ਉੱਥੇ ਹੀ ਪੰਜਾਬ ਪੁਲਿਸ ਦੀ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਅਹਿਮ ਭੂਮਿਕਾ ਹੈ।
ਉਹਨਾਂ ਨੇ ਕਿਹਾ ਘਟਨਾਂਕ੍ਰਮ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ।
ਇੱਕ ਸਵਾਲ ਦੇ ਜਵਾਬ ਵਿੱਚ ਏ.ਡੀ.ਜੀ.ਪੀ ਰਾਏ ਨੇ ਕਿਹਾ ਕਿ ਕਰਨਲ ਬਾਠ ਨੇ ਪਹਿਲਾਂ ਹੀ ਲਿੱਖ ਕੇ ਦੇ ਦਿੱਤਾ ਹੈ ਕਿ ਉਹ ਸਿਟ ਸਾਹਮਣੇ ਪੇਸ਼ ਨਹੀਂ ਹੋਣਗੇ ਪਰ ਉਨ੍ਹਾਂ ਵਲੋਂ ਦਰਜ ਕਰਵਾਏ ਐਫਆਈਆਰ ਵਿਚਲੇ ਬਿਆਨਾਂ ਨੂੰ ਵੀ ਵਾਚਿਆ ਜਾਵੇਗਾ ਅਤੇ ਇਸ ਮਾਮਲੇ ਵਿੱਚ ਸ਼ਾਮਲ ਸਾਰੇ 12 ਪੁਲਿਸ ਮੁਲਾਜ਼ਮਾਂ ਨੂੰ ਵੀ 2 ਅਪ੍ਰੈਲ ਨੂੰ ਬੁਲਾ ਕੇ ਉਹਨਾਂ ਦੇ ਬਿਆਨ ਲਏ ਜਾਣਗੇ ਅਤੇ ਉਹਨਾਂ ਬਿਆਨਾ ਨੂੰ ਦਸਤਾਵੇਜਾਂ ਨਾਲ ਮਿਲਾ ਕੇ ਡੂੰਘਾਈ ਨਾਲ ਦੇਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਿਟ ਦੀ ਟੀਮ ਨੇ ਅੱਜ ਦਸਤਾਵੇਜੀ ਸਬੂਤਾਂ ਨੂੰ ਵਿਚਾਰਿਆ ਹੈ ਅਤੇ ਹੋਰ ਸਬੂਤਾਂ ਨੂੰ ਵੀ ਇਕੱਠਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਨੂੰ ਭਾਰਤ ਸਰਕਾਰ ਦੀ ਸੈਂਟਰਲ ਫੋਰੈਸਿੰਗ ਸਾਇੰਸ ਲੈਬ ਵਿੱਚ ਘੋਖਣ ਲਈ ਭੇਜਿਆ ਗਿਆ ਹੈ।