ਅੱਜ ਦੇ ਸਮੇਂ ਵਿੱਚ ਰਿਸ਼ਤਿਆਂ ਦੀ ਗੱਲ ਕਰਨੀ ਇੱਕ ਤਕਲੀਫ਼ਦਾਇਕ ਹਕੀਕਤ ਨਾਲ ਰੂ-ਬ-ਰੂ ਹੋਣ ਦੇ ਬਰਾਬਰ ਹੈ। ਜਿਹੜੇ ਰਿਸ਼ਤੇ ਸਾਡੀ ਪੁਰਾਤਨ ਸੱਭਿਆਚਾਰਕ ਪਛਾਣ ਦਾ ਹਿੱਸਾ ਸਨ, ਉਹ ਹੌਲੀ-ਹੌਲੀ ਅਲੋਪ ਹੋ ਰਹੇ ਹਨ। ਇੱਕ ਜਮਾਨਾ ਸੀ ਜਦੋਂ ਮਾਮੇ, ਮਾਸੀਆਂ, ਚਾਚੇ, ਚਾਚੀਆਂ, ਤਾਏ, ਤਾਈਆਂ, ਭੂਆ, ਫੁਫੜ, ਜੀਜੇ, ਸਾਲੇ, ਸਾਲੀਆਂ, ਸਾਲੇਹਾਰ—ਇਹ ਸਾਰੇ ਰਿਸ਼ਤੇ ਸਿਰਫ਼ ਨਾਵਾਂ ਤਕ ਸੀਮਿਤ ਨਹੀਂ ਸਨ, ਸਗੋਂ ਇਨ੍ਹਾਂ ਰਿਸ਼ਤਿਆਂ ਵਿੱਚ ਇੱਕ ਗਹਿਰੀ ਪਿਆਰ ਭਰੀ ਸਾਂਝ ਹੁੰਦੀ ਸੀ। ਪਰ ਅੱਜ ਦੀ ਹਕੀਕਤ ਬਹੁਤ ਅਲੱਗ ਹੈ। ਸੰਯੁਕਤ ਪਰਿਵਾਰ ਸਾਡੀ ਸਮਾਜਿਕ ਢਾਂਚੇ ਦੀ ਪਹਿਚਾਣ ਹੁੰਦੇ ਸਨ। ਇਕੋ ਛੱਤ ਹੇਠਾਂ ਦਾਦਾ-ਦਾਦੀ, ਮਾਮੇ-ਮਾਸੀਆਂ, ਚਾਚੇ-ਚਾਚੀਆਂ, ਤਾਏ-ਤਾਈਆਂ ਰਹਿੰਦੇ ਸਨ। ਇਹਨਾਂ ਰਿਸ਼ਤਿਆਂ ਦੀ ਮਜਬੂਤੀ ਕਰਕੇ ਬੱਚਿਆਂ ਨੂੰ ਪੂਰਾ ਮੌਕਾ ਮਿਲਦਾ ਸੀ ਕਿ ਉਹ ਆਪਣੇ ਪਰਿਵਾਰ ਦੇ ਹਰ ਰਿਸ਼ਤੇ ਨੂੰ ਜਾਣ ਸਕਣ, ਸਮਝ ਸਕਣ, ਅਤੇ ਉਹਨਾਂ ਨਾਲ ਇੱਕ ਅਟੁੱਟ ਨਾਤਾ ਜੋੜ ਸਕਣ। ਪਰ ਜਦ ਤੋਂ ਇਕੱਲੇ ਪਰਿਵਾਰ ਦਾ ਰੁਝਾਨ ਵਧਿਆ ਹੈ, ਸੰਯੁਕਤ ਪਰਿਵਾਰਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਹੁਣ ਜ਼ਿਆਦਾਤਰ ਪਰਿਵਾਰਾਂ ਵਿੱਚ ਮਾਤਾ-ਪਿਤਾ ਅਤੇ ਬਸ ਇੱਕ ਜਾਂ ਦੋ ਬੱਚੇ ਹੀ ਰਹਿ ਗਏ ਹਨ। ਜਦ ਸੰਯੁਕਤ ਪਰਿਵਾਰ ਖਤਮ ਹੋ ਗਏ, ਤਾਂ ਆਉਣ ਵਾਲੀ ਪੀੜ੍ਹੀ ਨੂੰ ਇਹ ਸਮਝਣ ਦਾ ਮੌਕਾ ਹੀ ਨਹੀਂ ਮਿਲੇਗਾ ਕਿ ਭੂਆ, ਮਾਮੇ, ਮਾਸੀਆਂ ਜਾਂ ਫੁਫੜ ਜਿਵੇਂ ਰਿਸ਼ਤੇ ਕੀ ਹੁੰਦੇ ਹਨ।
ਇਹ ਰੁਝਾਨ ਕੇਵਲ ਪਰਿਵਾਰਕ ਬਣਤਰ ਦੀ ਬਦਲਾਅ ਕਰਕੇ ਨਹੀਂ ਵਾਪਰਿਆ, ਬਲਕਿ ਇਸ ਵਿੱਚ ਕਈ ਹੋਰ ਸਮਾਜਿਕ ਅਤੇ ਆਰਥਿਕ ਕਾਰਣ ਵੀ ਸ਼ਾਮਲ ਹਨ। ਨੌਕਰੀ ਦੀ ਖਾਤਰ ਲੋਕ ਆਪਣੀ ਜੜ੍ਹਾਂ ਛੱਡ ਕੇ ਵੱਖ-ਵੱਖ ਸ਼ਹਿਰਾਂ ਵਿੱਚ ਵੱਸ ਗਏ, ਜਿਸ ਨਾਲ ਪਰਿਵਾਰਾਂ ਵਿੱਚ ਦੂਰੀ ਆ ਗਈ ਹੈ। ਇਸ ਤੋਂ ਇਲਾਵਾ ਘਰੇਲੂ ਪਰਿਵਾਰਕ ਟਕਰਾਅ, ਜਾਇਦਾਦ ਦੀ ਵੰਡ, ਪਰਿਵਾਰਕ ਵਿਰੋਧ ਅਤੇ ਘਰ ਦੇ ਬਜੁਰਗਾਂ ਦੇ ਪੱਖਪਾਤੀ ਰਵਈਏ ਨੇ ਵੀ ਸੰਯੁਕਤ ਪਰਿਵਾਰਾਂ ਨੂੰ ਤੋੜ ਕੇ ਇਕੱਲੇ ਪਰਿਵਾਰਾਂ ਦੀ ਹੋਂਦ ਵਧਾ ਦਿੱਤੀ ਹੈ। ਮੌਜੂਦਾ ਦੌਰ ਵਿੱਚ ਬਜ਼ੁਰਗ ਅਕਸਰ ਆਪਣੇ ਬੱਚਿਆਂ ਵਿੱਚ ਭੇਦ-ਭਾਵ ਕਰਦੇ ਹਨ, ਜਿਸ ਨਾਲ ਕਈ ਵਾਰ ਬੱਚੇ ਘਰੇਲੂ ਮਾਹੌਲ ਤੋਂ ਤੰਗ ਆ ਕੇ ਵੱਖ ਹੋਣ ਦੀ ਕੋਸ਼ਿਸ਼ ਕਰਦੇ ਹਨ। ਜਿਸਦਾ ਆਉਣ ਵਾਲੇ ਸਮੇਂ ਵਿੱਚ ਇਹ ਨਤੀਜਾ ਹੋਇਆ ਕਿ ਰਿਸ਼ਤਿਆਂ ਦੀ ਗਰਮੀ, ਮੋਹ, ਅਤੇ ਸਾਂਝ ਸਮਾਪਤ ਹੁੰਦੀ ਜਾ ਰਹੀ ਹੈ। ਇਸ ਦਾ ਸਭ ਤੋਂ ਵੱਡਾ ਪ੍ਰਭਾਵ ਬੱਚਿਆਂ ਉੱਤੇ ਪਿਆ ਹੈ। ਜਦ ਸੰਯੁਕਤ ਪਰਿਵਾਰ ਸਨ, ਤਾਂ ਇੱਕ ਬੱਚਾ ਆਪਣੇ ਮਾਮੇ ਦੇ ਪੁੱਤ, ਮਾਸੀ ਦੀ ਧੀ, ਚਾਚੇ-ਤਾਏ ਦੇ ਬੱਚਿਆਂ ਨਾਲ ਮਿਲ ਕੇ ਵੱਡਾ ਹੁੰਦਾ ਸੀ। ਇਹਨਾਂ ਸੰਬੰਧਾਂ ਨੇ ਬੱਚੇ ਵਿੱਚ ਸਾਂਝੀਵਾਲਤਾ, ਭਾਈਚਾਰਾ, ਅਤੇ ਮਿਲ-ਵਰਤਨ ਦੇ ਗੁਣ ਪੈਦਾ ਕੀਤੇ। ਪਰ ਹੁਣ ਇੱਕ-ਇੱਕ ਬੱਚੇ ਵਾਲੇ ਪਰਿਵਾਰਾਂ ਵਿੱਚ ਇਹ ਮੌਕਾ ਹੀ ਖਤਮ ਹੋ ਗਿਆ। ਇੱਕਲੋਤਾ ਬੱਚਾ ਆਪਣੇ ਮਾਪਿਆਂ ਦੀ ਗੋਦ ਵਿੱਚ ਹੀ ਵੱਡਾ ਹੁੰਦਾ ਹੈ, ਜਿਸ ਕਰਕੇ ਉਹ ਹਮੇਸ਼ਾ ਆਪਣੀ ਹੀ ਦੁਨੀਆ ਵਿੱਚ ਰੁੱਝਿਆ ਰਹਿੰਦਾ ਹੈ। ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਮਾਮੇ, ਮਾਸੀਆਂ, ਭੂਆ, ਚਾਚੇ ਜਾਂ ਤਾਏ ਦਾ ਕੀ ਮਹੱਤਵ ਹੁੰਦਾ ਹੈ। ਇਹ ਅਲੋਪ ਹੋ ਰਹੇ ਰਿਸ਼ਤੇ ਇੱਕ ਗਹਿਰੀ ਸਮਾਜਿਕ ਸਮੱਸਿਆ ਬਣ ਰਹੇ ਹਨ।
ਇੱਕ ਹੋਰ ਗੰਭੀਰ ਵਿਸ਼ਾ ਇਹ ਵੀ ਹੈ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਮਿਲਾਉਂਦੇ ਹੀ ਨਹੀਂ ਹਨ। ਪਹਿਲਾਂ ਦੇ ਸਮੇਂ ਵਿੱਚ, ਮਾਪੇ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਦੇ ਘਰ ਲੈ ਜਾਂਦੇ, ਉਨ੍ਹਾਂ ਨਾਲ ਰਹਿਣ-ਸਹਿਣ ਕਰਦੇ, ਅਤੇ ਉਨ੍ਹਾਂ ਨੂੰ ਰਿਸ਼ਤਿਆਂ ਦੀ ਮਹੱਤਤਾ ਸਮਝਾਉਂਦੇ ਸਨ। ਪਰ ਹੁਣ, ਆਧੁਨਿਕ ਜੀਵਨ ਸ਼ੈਲੀ ਵਿੱਚ, ਮਾਪੇ ਵੀ ਆਪਣੇ ਬੱਚਿਆਂ ਨੂੰ ਕੇਵਲ ਆਪਣੇ ਪਰਿਵਾਰ ਤਕ ਸੀਮਿਤ ਰੱਖਦੇ ਹਨ। ਉਹਨਾਂ ਨੂੰ ਇਹ ਗਲਤਫ਼ਹਿਮੀ ਹੋ ਜਾਂਦੀ ਹੈ ਕਿ ਅਸੀਂ ਹੀ ਸਾਰੇ ਰਿਸ਼ਤੇ ਹਾਂ, ਬਾਕੀ ਕਿਸੇ ਦੀ ਲੋੜ ਨਹੀਂ ਹੈ। ਇਹ ਵਿਚਾਰਧਾਰਾ ਵੀ ਰਿਸ਼ਤਿਆਂ ਦੇ ਅਲੋਪ ਹੋਣ ਦਾ ਇੱਕ ਵੱਡਾ ਕਾਰਣ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਆਉਣ ਵਾਲੀ ਭਵਿੱਖ ਦੀ ਪੀੜ੍ਹੀ ਨੂੰ ਹੋਵੇਗਾ। ਜੇਕਰ ਅਸੀਂ ਅੱਜ ਵੀ ਇਹ ਮਹਿਸੂਸ ਨਹੀਂ ਕਰ ਰਹੇ ਕਿ ਰਿਸ਼ਤੇ ਖਤਮ ਹੋ ਰਹੇ ਹਨ, ਤਾਂ ਕੁਝ ਦਹਾਕਿਆਂ ਵਿੱਚ ਇਹ ਬਿਲਕੁਲ ਮਿਟ ਜਾਣਗੇ। ਜਦ ਇਕੱਲੇ ਪਰਿਵਾਰ ਵਿੱਚ ਕੇਵਲ ਇੱਕ ਹੀ ਬੱਚਾ ਹੋਵੇਗਾ, ਤਾਂ ਉਸਨੂੰ ਕਦੇ ਇਹ ਪਤਾ ਹੀ ਨਹੀਂ ਲੱਗੇਗਾ ਕਿ ਭੂਆ, ਮਾਮੇ, ਮਾਸੀਆਂ ਜਾਂ ਜੀਜੇ-ਸਾਲੇ ਕੌਣ ਹੁੰਦੇ ਹਨ। ਇਹ ਇੱਕ ਵਿਗਿਆਨਕ ਤਰੀਕੇ ਨਾਲ ਮਨੋਵਿਗਿਆਨਕ ਤੌਰ 'ਤੇ ਵੀ ਬੱਚਿਆਂ ਲਈ ਨੁਕਸਾਨਦਾਇਕ ਹੈ, ਕਿਉਂਕਿ ਉਹ ਆਪਣੇ ਆਲੇ-ਦੁਆਲੇ ਘੱਟ ਲੋਕਾਂ ਵਿੱਚ ਹੀ ਜੀਵਨ ਜੀਉਂਦੇ ਹਨ, ਜਿਸ ਨਾਲ ਉਹਨਾਂ ਦੀ ਸਮਾਜਿਕ ਸਮਝ ਪੂਰੀ ਤਰ੍ਹਾਂ ਵਿਕਸਿਤ ਹੀ ਨਹੀਂ ਹੋ ਸਕੇਗੀ।
ਇਸ ਲਈ, ਸੰਭਾਵਨਾ ਇਹ ਹੈ ਕਿ ਜੇਕਰ ਅਸੀਂ ਹੁਣੇ ਵੀ ਆਪਣੀਆਂ ਪਰੰਪਰਾਵਾਂ ਵਲ ਧਿਆਨ ਨਾ ਦਿੱਤਾ, ਤਾਂ ਰਿਸ਼ਤਿਆਂ ਦੀ ਇਹ ਹੋਂਦ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਿਰਫ਼ ਕਿਤਾਬਾਂ ਜਾਂ ਇਤਿਹਾਸਕ ਹਵਾਲਿਆਂ ਤਕ ਸੀਮਿਤ ਰਹਿ ਜਾਵੇਗੀ। ਸੰਯੁਕਤ ਪਰਿਵਾਰ ਦੁਬਾਰਾ ਬਣਾਉਣੇ ਅਸਾਨ ਨਹੀਂ, ਪਰ ਅਸੀਂ ਘੱਟੋ-ਘੱਟ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਕ ਰਿਸ਼ਤਿਆਂ ਨਾਲ ਮਿਲਾਉਣਾ ਤਾਂ ਸ਼ੁਰੂ ਕਰ ਸਕਦੇ ਹਾਂ। ਬਜ਼ੁਰਗਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਉਹ ਆਪਣੇ ਬੱਚਿਆਂ ਵਿੱਚ ਕੋਈ ਪੱਖਪਾਤੀ ਰਵਈਆ ਨਾ ਅਪਣਾਉਣ, ਤਾਂ ਜੋ ਉਹ ਪਰਿਵਾਰਕ ਇਕੱਲਤਾ ਨੂੰ ਨਾ ਵਧਾ ਸਕਣ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਰਿਸ਼ਤਿਆਂ ਦੀ ਮਹੱਤਤਾ ਦੱਸੀਏ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਮਾਮੇ, ਮਾਸੀਆਂ, ਭੂਆ, ਫੁਫੜ ਅਤੇ ਹੋਰ ਰਿਸ਼ਤੇਦਾਰਾਂ ਨਾਲ ਮਿਲਾਉਂਦੇ ਰਹੀਏ। ਇਹ ਸਿਰਫ਼ ਇਕਲਾ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਜੇਕਰ ਅਸੀਂ ਇਹ ਯਤਨ ਕਰਦੇ ਰਹੇ, ਤਾਂ ਰਿਸ਼ਤੇ ਕਦੇ ਵੀ ਅਲੋਪ ਨਹੀਂ ਹੋਣਗੇ, ਅਤੇ ਸਾਡੀ ਆਉਣ ਵਾਲੀ ਪੀੜ੍ਹੀ ਵੀ ਇਹਨਾਂ ਰਿਸ਼ਤਿਆਂ ਦਾ ਨਿੱਘ ਮਹਿਸੂਸ ਕਰ ਸਕੇਗੀ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ