ਚੇਅਰਮੈਨ ਵੱਲੋਂ ਕੌਮੀ ਖਾਧ ਸੁਰੱਖਿਆ ਐਕਟ ਤਹਿਤ ਪਟਿਆਲਾ 'ਚ ਚੱਲ ਰਹੇ ਕਾਰਜਾਂ ਦਾ ਮੁਲੰਕਣ
ਪਟਿਆਲਾ : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਪੌਸ਼ਟਿਕ ਸੁਰੱਖਿਆ 'ਤੇ ਜੋਰ ਦਿੰਦਿਆਂ ਪਟਿਆਲਾ ਜ਼ਿਲ੍ਹੇ ਅੰਦਰ ਪੋਸ਼ਣ (ਨਿਊਟ੍ਰੀਸ਼ਨ) ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਖਾਧ ਸੁਰੱਖਿਆ ਐਕਟ ਤਹਿਤ ਖੁਰਾਕ ਕਮਿਸ਼ਨ ਦਾ ਕੰਮ ਪੌਸ਼ਟਿਕ ਸੁਰੱਖਿਆ ਨੂੰ ਲਾਜਮੀ ਕਰਨਾ ਹੈ ਤਾਂ ਕਿ ਹਰੇਕ ਨਾਗਰਿਕ ਅਤੇ ਖਾਸ ਕਰਕੇ ਸਾਡੇ ਬੱਚਿਆਂ ਦਾ ਆਹਾਰ ਪੌਸ਼ਟਿਕ ਹੋਵੇ, ਇਸ ਨਾਲ ਹੀ ਸਾਡਾ ਸਮਾਜ ਤੰਦਰੁਸਤ ਹੋਵੇਗਾ।
ਅੱਜ ਇੱਥੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਜਨਰਲ ਤੇ ਦਿਹਾਤੀ ਵਿਕਾਸ) ਇਸ਼ਾ ਸਿੰਗਲ ਤੇ ਫੂਡ ਕਮਿਸ਼ਨ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੌਮੀ ਖਾਧ ਸੁਰੱਖਿਆ ਐਕਟ ਤਹਿਤ ਚੱਲ ਰਹੀਆਂ ਸਕੀਮਾਂ ਦਾ ਮੁਲੰਕਣ ਕਰਨ ਲਈ ਬੈਠਕ ਕਰਦਿਆਂ ਜ਼ਿਲ੍ਹੇ ਅੰਦਰ ਮਿਡ ਡੇ ਮੀਲ ਬਣਾਉਣ ਵਾਲਿਆਂ ਤੇ ਹੈਲਪਰਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਸਾਲ ਭਰ ਦੀ ਸਿਖਲਾਈ ਦੇਣ ਲਈ ਕੈਲੰਡਰ ਬਣਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ।
ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਬੱਚਿਆਂ ਵਿੱਚ ਵਿਟਾਮਿਨਜ, ਮਿਨਰਲਜ਼ ਤੇ ਹੋਰ ਗੋਲੀਆਂ ਨਾਲ ਘਾਟ ਨਹੀਂ ਪੂਰੀ ਹੋਣੀ ਸਗੋਂ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਖਾਣ ਲਈ ਪ੍ਰੇਰਤ ਕਰਨਾ ਪਵੇਗਾ, ਜਿਸ ਲਈ ਜ਼ਿਲ੍ਹੇ ਦੇ 939 ਪ੍ਰਾਇਮਰੀ ਸਕੂਲਾਂ ਤੇ 1829 ਆਂਗਣਵਾੜੀਆਂ ਵਿਖੇ ਪੋਸ਼ਣ ਵਾਟਿਕਾ ਸਮੇਤ, ਕਿਚਨ ਗਾਰਡਨ, ਦੇਸੀ ਜੜੀ ਬੂਟੀਆਂ ਵਾਲੇ ਅਸ਼ਵਗੰਧਾ, ਤੁਲਸੀ ਆਦਿ ਦੇ ਬੂਟੇ ਹੋਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਫੂਡ ਕਮਿਸ਼ਨ ਵੱਲੋਂ ਆਂਗਣਵਾੜੀਆਂ ਤੇ ਮਿਡ ਡੇ ਮੀਲ ਤਹਿਤ ਸ਼ੁੱਧ ਤੇ ਪੌਸ਼ਟਿਕ ਭੋਜਨ ਨਾਲ ਸਾਡੇ ਬੱਚਿਆਂ ਦੀ ਸਿਹਤ ਠੀਕ ਰੱਖਣ ਸਮੇਤ ਰਾਸ਼ਨ ਡਿਪੂਆਂ ਰਾਹੀਂ ਖਪਤਕਾਰਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਜੋਰ ਦਿੱਤਾ ਜਾ ਰਿਹਾ ਹੈ।
ਬਾਲ ਮੁਕੰਦ ਸ਼ਰਮਾ ਨੇ ਡੀ.ਐਫ.ਐਸ.ਸੀ. ਕੋਲੋਂ ਪਟਿਆਲਾ ਵਿਖੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਨੂੰ ਲਾਗੂ ਕਰਨ, ਰਾਸ਼ਨ ਡਿਪੂਆਂ ਵਿਖੇ ਖਪਤਕਾਰਾਂ ਨੂੰ ਮਿਲਦੀ ਕਣਕ ਦੀ ਵੰਡ ਯਕੀਨੀ ਤੌਰ 'ਤੇ ਕਰਨ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕੀਤੇ ਕਾਰਜਾਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੋਲੋਂ ਪੋਸ਼ਣ ਸਕੀਮਾਂ, ਸਿਵਲ ਸਰਜਨ, ਸਕੂਲ ਹੈਲਥ ਅਫ਼ਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਕੋਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿਹਤ ਜਾਂਚ ਪ੍ਰਕ੍ਰਿਆ ਅਤੇ ਜ਼ਿਲ੍ਹਾ ਫੂਡ ਅਫ਼ਸਰ ਕੋਲੋਂ ਮਿਡ ਡੇ ਮੀਲ ਕੁੱਕ ਨੂੰ ਸਾਫ਼-ਸਫ਼ਾਈ ਰੱਖਣ ਲਈ ਟ੍ਰੇਨਿੰਗ ਦੇਣ ਤੇ ਚੈਕਿੰਗ ਕਰਨ ਦਾ ਮੁਲੰਕਣ ਵੀ ਕੀਤਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਦਾ ਪਟਿਆਲਾ ਪੁੱਜਣ 'ਤੇ ਸਵਾਗਤ ਕਰਦਿਆਂ ਜ਼ਿਲ੍ਹੇ ਅੰਦਰ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਤੇ ਇਨ੍ਹਾਂ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ। ਇਸ 'ਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਰੇ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਜ਼ਿਲ੍ਹੇ ਅੰਦਰ ਪੌਸ਼ਟਿਕ ਸੁਰੱਖਿਆ 'ਤੇ ਨਿੱਠਕੇ ਕੰਮ ਕਰਨਾ ਯਕੀਨੀ ਬਣਾਉਣ ਅਤੇ ਉਹ ਸਤੰਬਰ ਮਹੀਨੇ ਮੁੜ ਤੋਂ ਮੁਲੰਕਣ ਕਰਨ ਲਈ ਪਟਿਆਲਾ ਪੁੱਜਣਗੇ।
**
ਫੋਟੋ ਕੈਪਸ਼ਨ-ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏ.ਡੀ.ਸੀ. ਇਸ਼ਾ ਸਿੰਗਲ ਤੇ ਹੋਰ ਅਧਿਕਾਰੀਆਂ ਨਾਲ ਮੁਲੰਕਣ ਬੈਠਕ ਕਰਦੇ ਹੋਏ।