ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ: ਬਲਬੀਰ ਸਿੱਧੂ
ਚੰਡੀਗੜ੍ਹ : ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਵਿਰੁੱਧ ਈਡੀ ਵਲੋਂ ਦਾਇਰ ਕੀਤੀ ਗਈ ਫਰਜ਼ੀ ਚਾਰਜਸ਼ੀਟ ਦੀ ਨਿੰਦਾ ਕਰਦਿਆਂ ਕਿਹਾ, "ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ, ਇਹੋ ਜਿਹੀਆਂ ਹਰਕਤਾਂ ਭਾਜਪਾ ਦੇ ਤਾਨਾਸ਼ਾਹੀ ਰਵੱਈਏ ਨੂੰ ਸਪੱਸ਼ਟ ਤੌਰ 'ਤੇ ਦਰਸਾ ਰਹੀਆਂ ਹਨ, ਲੇਕਿਨ ਕਾਂਗਰਸ ਪਾਰਟੀ ਇਹਨਾਂ ਕੋਝੀਆਂ ਚਾਲਾਂ ਤੋਂ ਡਰਨ ਵਾਲੀ ਨਹੀਂ ਹੈ। ਸਮੁੱਚੀ ਕਾਂਗਰਸ ਪਾਰਟੀ, ਸਾਡੇ ਲੀਡਰ ਸ਼੍ਰੀਮਤੀ ਸੋਨੀਆ ਗਾਂਧੀ ਜੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਨਾਲ ਚੱਟਾਨ ਵਾਂਗ ਖੜੀ ਹੈ ਅਤੇ ਭਾਜਪਾ ਦਾ ਡੱਟ ਕੇ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।"
ਕੇਂਦਰ ਸਰਕਾਰ ਦੇ "ਤਾਨਾਸ਼ਾਹੀ ਰਵਈਏ" 'ਤੇ ਵਰ੍ਹਦਿਆਂ ਉਨ੍ਹਾਂ ਕਿਹਾ, "ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸ਼੍ਰੀ ਰਾਹੁਲ ਗਾਂਧੀ ਅਤੇ ਸਮੂਹ ਕਾਂਗਰਸ ਪਾਰਟੀ ਤੋਂ ਡਰਦੀ ਹੈ, ਇਸੀ ਕਰਕੇ ਉਹ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਲਈ ਇਹੋ ਜਿਹੇ ਕਦਮ ਚੁਕ ਰਹੀ ਹੈ। ਲੇਕਿਨ ,ਮੈਂ ਇਹ ਸਪਸ਼ਟ ਕਰ ਦੇਵਾਂ ਕਿ ਭਾਜਪਾ ਸਰਕਾਰ ਜਿਨ੍ਹਾਂ ਚਾਹੇ ਉਨ੍ਹਾਂ ਅੱਡੀ-ਚੋਟੀ ਦਾ ਜ਼ੋਰ ਲਾ ਲਵੇ ਉਹ ਕਾਂਗਰਸ ਪਾਰਟੀ ਨੂੰ ਥੱਲੇ ਡੇਗਣ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕੇਗੀ।"
ਸਿੱਧੂ ਨੇ ਭਾਜਪਾ ਸਰਕਾਰ 'ਤੇ ਤੰਜ ਕਸਦਿਆਂ ਕਿਹਾ, " ਭਾਜਪਾ ਸਰਕਾਰ ਵਲੋਂ ਕਾਂਗਰਸ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਅਸੀਂ ਓਹਨਾਂ ਦੀ ਇਸ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਅਤੇ ਇਸਦਾ ਡਟ ਕੇ ਸਾਹਮਣਾ ਕਰਾਂਗੇ।"
ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਅਤੇ ਭਾਜਪਾ ਸਰਕਾਰ ਦੇ ਕਾਂਗਰਸ ਵਿਰੁੱਧ ਤਾਨਾਸ਼ਾਹੀ ਰਵਈਏ 'ਤੇ ਜ਼ੋਰ ਦਿੰਦਿਆਂ ਸਿੱਧੂ ਨੇ ਕਿਹਾ, "ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਆਪ ਸਰਕਾਰ ਵਲੋਂ ਫ਼ਰਜ਼ੀ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ 'ਚ ਉਹ ਕਾਮਯਾਬ ਨਾ ਹੋ ਸਕੀ ਅਤੇ ਹੁਣ ਸ਼੍ਰੀਮਤੀ ਸੋਨੀਆ ਗਾਂਧੀ ਜੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਵਿਰੁੱਧ ਭਾਜਪਾ ਵਲੋਂ ਈਡੀ ਦੀ ਫ਼ਰਜ਼ੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਭਾਜਪਾ ਅਤੇ ਆਪ ਸਰਕਾਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਲੇਕਿਨ ਉਹ ਨਾ ਕਦੇ ਕਾਂਗਰਸ ਪਾਰਟੀ ਨੂੰ ਝੁਕਾ ਸਕੀ ਹੈ ਅਤੇ ਨਾ ਹੀ ਕਦੇ ਝੁਕਾ ਸਕੇਗੀ। ਕਾਂਗਰਸ ਪਾਰਟੀ ਦੇਸ਼ ਦੀ ਸੇਵਾ ਕਰਦੀ ਆਈ ਹੈ ਅਤੇ ਅੱਗੇ ਵੀ ਕਰਦੀ ਰਹੇਗੀ।"
ਸਿੱਧੂ ਨੇ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ, " ਭਾਜਪਾ ਵਲੋਂ ਜਾਣਬੁੱਝ ਕੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਲੇਕਿਨ ਅਸੀਂ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਖਿਲਾਫ਼ ਆਪਣੀ ਜੰਗ ਅੰਤ ਤੱਕ ਜਾਰੀ ਰਖਾਂਗੇ।"
ਸਿੱਧੂ ਨੇ ਸਰਕਾਰ ਨੂੰ ਮੰਗ ਕੀਤੀ, "ਕਾਂਗਰਸ ਪਾਰਟੀ ਦੇ ਲੀਡਰ ਸ਼੍ਰੀ ਰਾਹੁਲ ਗਾਂਧੀ, ਸ਼੍ਰੀਮਤੀ ਸੋਨੀਆ ਗਾਂਧੀ ਅਤੇ ਸ. ਪ੍ਰਤਾਪ ਸਿੰਘ ਬਾਜਵਾ ਜੀ ਵਿਰੁੱਧ ਫ਼ਰਜ਼ੀ ਐਫ ਆਈ ਆਰ ਅਤੇ ਬੇਬੁਨਿਆਦੀ ਚਾਰਜਸ਼ੀਟ ਦਾਇਰ ਕਰਨ ਦੀ ਬਜਾਏ ਇਨ੍ਹਾਂ ਦੋਵੇਂ ਸਰਕਾਰਾਂ ਨੂੰ ਭਾਰਤ ਅਤੇ ਸੂਬੇ ਦੇ ਅਹਿਮ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।"