ਨਿਤਿਨ ਗਡਕਰੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇ। ਇਸ ਲਈ ਜਲਦ ਹੀ ਇਕ ਨਵੀਂ ਟੋਲ ਪਾਲਿਸੀ ਦਾ ਐਲਾਨ ਕੀਤਾ ਜਾਵੇਗਾ। ਨਵੇਂ ਸਿਸਟਮ ਲਈ ਫਿਜ਼ੀਕਲ ਟੋਲ ਬੂਥਾਂ ਦੀ ਲੋੜ ਨਹੀਂ ਪਵੇਗੀ ਤੇ ਸੈਲੇਟਲਾਈਟ ਟ੍ਰੈਕਿੰਗ ਤੇ ਨੰਬਰ ਪਲੇਟ ਦੀ ਵਰਤੋਂ ਨਾਲ ਟੋਲ ਦਾ ਭੁਗਤਾਨ ਹੋਵੇਗਾ। ਗਡਕਰੀ ਨੇ ਪੂਰੇ ਦੇਸ ਵਿਚ ਟੋਲ ਪਲਾਜ਼ਾ ਹਟਾਉਣ ਦੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ 15 ਦਿਨ ਵਿਚ ਇਕ ਨਵੀਂ ਪਾਲਿਸੀ ਦਾ ਐਲਾਨ ਕੀਤਾ ਜਾਵੇਗਾ। ਇਸ ਦੇ ਲਾਗੂ ਹੋਣ ਦੇ ਬਾਅਦ ਕਿਸੇ ਕੋਲ ਟੋਲ ਬਾਰੇ ਸ਼ਿਕਾਇਤ ਕਰਨ ਦਾ ਕੋਈ ਕਾਰਨ ਨਹੀਂ ਬਚੇਗਾ।
ਕੇਂਦਰੀ ਮੰਤਰੀ ਨੇ ਮੁੰਬਈ-ਗੋਆ ਹਾਈਵੇਅ ’ਤੇ ਕੰਮ ’ਚ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ, ‘‘ਮੁੰਬਈ-ਗੋਆ ਹਾਈਵੇਅ ਨੂੰ ਲੈ ਕੇ ਕਾਫੀ ਮੁਸ਼ਕਿਲਾਂ ਸਨ ਪਰ ਜੂਨ ਤੱਕ ਹਾਈਵੇਅ ਦਾ ਕੰਮ 100 ਫੀਸਦੀ ਪੂਰਾ ਕਰ ਲਵਾਂਗੇ।’’ ਉਨ੍ਹਾਂ ਕਿਹਾ ਕਿ ਇਸ ਨਾਲ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ ਜੋ ਕਈ ਸਾਲਾਂ ਤੋਂ ਗੱਡਿਆਂ ਵਾਲੀਆਂ ਸੜਕਾਂ ਤੋਂ ਹੋ ਕੇ ਆਉਂਦੇ-ਜਾਂਦੇ ਹਨ। ਗਡਕਰੀ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿਚ ਭਾਰਤ ਦਾ ਸੜਕੀ ਢਾਂਚਾ ਅਮਰੀਕਾ ਤੋਂ ਵੀ ਚੰਗਾ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਸੜਕ ਨਿਰਮਾਣ ਦੇ ਖੇਤਰ ਵਿਚ ਜੋ ਰਫਤਾਰ ਭਾਰਤ ਨੇ ਫੜੀ ਹੈ ਉਹ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਅੱਗੇ ਕਰ ਸਕਦੀ ਹੈ।