ਅੰਮ੍ਰਿਤਸਰ : ਭਾਰਤ ਸਰਕਾਰ ਵਲੋਂ ਪਹਿਲੀ ਜੂਨ 1984 ਤੋਂ ਹੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਘੇਰਾਬੰਦੀ ਸ਼ੁਰੂ ਕਰ ਦਿਤੀ ਸੀ ਜੋ ਆਖ਼ਰ 6 ਜੂਨ ਤਕ ਭਾਰੀ ਗੋਲੀਬਾਰੀ ਦੇ ਨਾਲ ਜਾਰੀ ਸੀ। 5 ਜੂਨ ਨੂੰ ਇਹ ਹਮਲੇ ਤੇਜ ਕਰ ਦਿਤੇ ਗਏ ਸਨ ਅਤੇ ਇਸ ਗੋਲੀਬਾਰੀ ਵਿਚ ਹਜ਼ਾਰਾਂ ਮਾਸੂਮ ਲੋਕਾਂ ਦੀਆਂ ਜਾਨਾਂ ਗਈ ਸਨ। ਜੂਨ 1984 ਸਿੱਖ ਮਾਨਸਿਕਤਾ 'ਤੇ ਅਜਿਹਾ ਜ਼ਖ਼ਮ ਹੈ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ। ਇਸ ਦੀ ਪੀੜ ਅੱਜ ਇੰਨੇ ਸਾਲਾਂ ਮਗਰੋਂ ਵੀ ਹਰ ਸਿੱਖ ਦੀ ਅੱਖ ਵਿਚੋਂ ਸਾਫ਼ ਨਜ਼ਰ ਆਉਂਦੀ ਹੈ। ਦਰਅਸਲ ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ। 4 ਜੂਨ ਨੂੰ ਜਲ੍ਹਿਆਂ ਵਾਲੇ ਬਾਗ਼ ਦੇ ਪਾਸੇ ਤੋਂ ਇਕ ਛੂਕਦਾ ਹੋਇਆ ਗੋਲਾ ਆਇਆ ਅਤੇ ਆਵਾਜ਼ ਨਾਲ ਪੂਰਾ ਵਾਤਾਵਰਣ ਗੂੰਜ ਉਠਿਆ। ਪਰਿਕਰਮਾ ਵਿਚ ਔਰਤਾਂ ਅਤੇ ਬੱਚਿਆਂ ਦਾ ਬੁਰਾ ਹਾਲ ਸੀ। ਚਾਰੇ ਪਾਸੇ ਤੋਂ ਗੋਲੀ ਚੱਲਣੀ ਸ਼ੁਰੂ ਹੋ ਗਈ ਪਰ ਫਿਰ ਵੀ ਸ਼ਬਦ ਗੁਰਬਾਣੀ ਦਾ ਪ੍ਰਵਾਹ ਜਾਰੀ ਸੀ। ਧੜਾਧੜ ਲਾਸ਼ਾਂ ਡਿਗ ਰਹੀਆਂ ਸਨ, ਫਾਈਰਿੰਗ ਪੂਰੇ ਜ਼ੋਬਨ 'ਤੇ ਸੀ। ਇੰਨੇ ਨੂੰ ਇਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਸਪਲਾਈ ਦੇਣ ਵਾਲੇ ਬਿਜਲੀ ਘਰ 'ਤੇ ਡਿੱਗਾ। ਸ੍ਰੀ ਦਰਬਾਰ ਦੇ ਆਸਪਾਸ ਦੇ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ। 5 ਜੂਨ ਦੀ ਰਾਤ ਵੀ ਗੋਲੀਬਾਰੀ ਵਿਚ ਲੰਘ ਗਈ। ਫੌਜ ਨੇ ਸ੍ਰੀ ਹਰਮਿੰਦਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਲਿਆ। ਭਾਰੀ ਗੋਲੀਬਾਰੀ ਅਤੇ ਸੰਘਰਸ਼ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ।
ਦਰਅਸਲ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕੀ ਮਾਰੇ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ।