ਦੀਪ ਸਿੱਧੂ ਤੇ ਸਿਮਰਨਜੀਤ ਸਿੰਘ ਮਾਨ ਵੀ ਬੋਲੇ
ਅੰਮ੍ਰਿਤਸਰ : ਅੱਜ ਇਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ (Operation Blue Star) ਦੀ 37ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ 'ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ 'ਖਾਲਿਸਤਾਨ ਸਾਡਾ ਹੱਕ' ਵਰਗੇ ਝੰਡੇ ਵੀ ਫੜੇ ਹੋਏ ਸਨ। ਇਸੇ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਸੰਬੋਧਿਤ ਕੀਤਾ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ 1962 ਵਿੱਚ ਚੀਨ ਨੇ ਹਮਲਾ ਕੀਤਾ ਬਿਲਕੁਲ ਉਸੇ ਤਰ੍ਹਾਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ। ਇਹ ਇੱਕ ਨਾਸੂਰ ਬਣ ਚੁੱਕਿਆ ਹੈ ਅਤੇ ਇਸੇ ਪੀੜ੍ਹ ਨੂੰ ਠੰਢ ਕਰਨ ਲਈ ਅਸੀਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਦੇ ਹਾਂ। ਇਸ ਨਾਸੂਰ ਦੀ ਦਵਾਈ ਅਸੀਂ ਸਾਰੇ ਜਾਣਦੇ ਹਾਂ ਪਰ ਇਹ ਪ੍ਰਾਪਤ ਕਿਵੇਂ ਹੋਣੀ ਹੈ ਇਸ ਬਾਰੇ ਅਸੀਂ ਕਦੇ ਸਿਰ ਜੋੜ ਕੇ ਵਿਚਾਰ ਨਹੀਂ ਕੀਤਾ। ਉਨ੍ਹਾਂ ਆਪਣੇ ਸੰਦੇਸ਼ ਵਿਚ ਅੱਗੇ ਕਿਹਾ ਕਿ ਅੱਜ ਮਤਭੇਦ ਭੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਿੱਚ ਇਕੱਠੇ ਹੋ ਕੇ ਬੈਠੀਏ। ਸਾਡੀਆਂ ਸੰਸਥਾਵਾਂ ਸਾਡੀ ਤਾਕਤ ਹਨ ਅਤੇ ਅਸੀਂ ਇਨ੍ਹਾਂ ਨੂੰ ਕਮਜ਼ੋਰ ਨਹੀਂ ਹੋਣ ਦੇਣਾ।
ਇਸ ਮੌਕੇ ਦੀਪ ਸਿੱਧੂ ਨੇ ਕਿਹਾ ਕਿ “ਸਾਡੇ ਆਤਮਿਕ ਸੋਮੇ 'ਤੇ ਹਮਲਾ ਕੀਤਾ ਗਿਆ ਸੀ। ਇੱਥੇ ਮੌਜੂਦ ਸੰਗਤਾਂ ਤੇ ਸੰਤਾਂ ਨੂੰ ਤੁਸੀਂ ਦੇਖਿਆ ਕਿ ਸਭ ਸ਼ਹੀਦ ਕਰ ਦਿੱਤੇ ਗਏ, ਉਨ੍ਹਾਂ ਸਭ ਨੂੰ ਯਾਦ ਕਰਨ ਲਈ ਇੱਥੇ ਗੁਰੂ ਰਾਮ ਦਾਸ ਜੀ ਦੇ ਦਰਬਾਰ ਵਿੱਚ ਪਹੁੰਚੇ ਹਾਂ। ਆਪ੍ਰੇਸ਼ਨ ਤੋਂ 37 ਸਾਲਾਂ ਬਾਅਦ ਉਸ ਦੌਰਾਨ ਜ਼ਖ਼ਮੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦਰਸ਼ਨਾਂ ਲਈ ਰੱਖੇ ਜਾਣ ਬਾਰੇ ਉਨ੍ਹਾਂ ਨੇ ਕਿਹਾ ਕਿ “ਸੱਚਾਈ ਲੁਕਾਈ ਨਹੀਂ ਜਾ ਸਕਦੀ ਅਤੇ ਸਾਹਮਣੇ ਆਉਂਦੀ ਹੈ”।
ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਖਾਲਿਸਤਾਨ ਡੇਅ ਹੈ। ਅਕਾਲ ਤਖ਼ਤ ਸਾਹਿਬ ਨਾ ਪਹੁੰਚਣ ਦਿੱਤੇ ਜਾਣ 'ਤੇ ਲਾਈਆਂ ਗਈਆਂ ਰੋਕਾਂ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇੰਡੀਆ ਦੀ ਹਿੰਦੁਤਵਾ ਸਰਕਾਰ ਸਾਡੇ ਉੱਤੇ ਜ਼ੁਲਮ ਕਰ ਰਹੀ ਹੈ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਜਿਸ ਨੇ ਬਲੂ ਸਟਾਰ ਕਰਵਾਇਆ ਸੀ। ਇਨ੍ਹਾਂ ਲੋਕਾਂ ਨੂੰ ਸਿੱਖਾਂ ਨਾਲ ਕੋਈ ਹਮਦਰਦੀ ਨਹੀਂ ਹੈ।" ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ 'ਤੇ ਹਮਲਾ ਸਿਰਫ਼ ਭਾਰਤ ਦੀ ਸਰਕਾਰ ਅਤੇ ਸਿਆਸੀ ਧਿਰਾਂ ਨੇ ਇਕੱਠੇ ਹੋ ਕੇ ਹੀ ਨਹੀਂ ਸਗੋਂ ਬਰਤਾਨੀਆ ਅਤੇ ਸੋਵੀਅਤ ਰੂਸ ਦੀ ਮਦਦ ਨਾਲ ਕੀਤਾ।