ਅਸੀਂ ਦੁਨੀਆਂ ਭਰ ਨੂੰ ਇਹ ਆਖੀ ਜਾ ਰਹੇ ਹਾਂ ਕਿ ਅਸੀਂ ਦੁਨੀਆ ਦਾ ਸਭ ਤੋਂ ਵਡਾ ਗਣਰਾਜ ਬਣ ਗਏ ਹਾਂ। ਪਰ ਅਜ ਤਕ ਅਸਾਂ ਇਹ ਕਦੀ ਵਿਚਾਰਿਆ ਹੀ ਨਹੀਂ ਹੈ ਕਿ ਗਣਰਾਜ ਦੀਆਂ ਪਹਿਲੀਆਂ ਸ਼ਰਤਾਂ ਹੀ ਸਾਡਾ ਇਹ ਵਾਲਾ ਗਣਰਾਜ ਪੂਰੀਆਂ ਨਹੀਂ ਕਰਦਾ ਹੈ। ਅਸੀਂ ਹਾਲਾਂ ਤਕ ਰਾਜਸੀ ਪਾਰਟੀਆਂ ਹੀ ਨਹੀਂ ਬਣਾ ਸਕੇ ਹਾਂ ਅਤੇ ਇਸ ਮੁਲਕ ਵਿੱਚ ਕੁਝ ਵਿਅਕਤੀਵਿਸ਼ੇਸ਼ ਆਪਣੇ ਆਲੇ ਦੁਆਲੇ ਕੁਝ ਆਦਮੀ ਇਕਠੇ ਕਰਕੇ ਇਹ ਆਖ ਰਹੇ ਹਨ ਕਿ ਉਹ ਪ੍ਰਧਾਨ ਹਨ ਅਤੇ ਇਹ ਉਨ੍ਹਾਂ ਦੀ ਰਾਜਸੀ ਪਾਰਟੀ ਹੈ। ਇਹ ਵਿਅਕਤੀਵਿਸ਼ੇਸ਼ ਆਪ ਹੀ ਕਾਰਜਕਾਰਣੀ ਦੇ ਮੈਂਬਰ ਬਣਾ ਲੈਂਦੇ ਹਨ ਅਤੇ ਇਨ੍ਹਾਂ ਦੇ ਮੰਨ ਵਿੱਚ ਜੋ ਵੀ ਹੈ ਉਹੀ ਪਾਰਟੀ ਦਾ ਵਿਧਾਨ ਹੈ, ਏਜੰਡਾ ਹੈ। ਅਸਾਂ ਇਹ ਵੀ ਦੇਖ ਲਿਆ ਹੈ ਕਿ ਸਦਨਾ ਵਿੱਚ ਜਿਹੜੇ ਵਿਧਾਇਕ ਜਾ ਕੇ ਬੈਠਦੇ ਹਨ ਉਹ ਲੋਕਾਂ ਦੇ ਪ੍ਰਤੀਨਿਧ ਨਹੀਂ ਹਨ ਬਲਕਿ ਇਨ੍ਹਾਂ ਦੀ ਚੋਣ ਅਤੇ ਨਾਮਜ਼ਦਗੀ ਵੀ ਇਹ ਵਿਅਕਤੀਵਿਸ਼ੇਸ਼ ਹੀ ਕਰਦੇ ਹਨ ਅਤੇ ਲੋਕਾਂ ਨੂੰ ਸਾਫ ਸ਼ਬਦਾਂ ਵਿੱਚ ਇਹ ਆਖਦੇ ਹਨ ਕਿ ਇਹ ਜਿਹੜਾ ਆਦਮੀ ਮੈਂ ਖੜਾ ਕੀਤਾ ਹੈ ਇਸ ਨੂੰ ਵੋਟਾਂ ਪਾਕੇ ਜਿਤਾਉ ਤਾਂਕਿ ਇਹ ਆਦਮੀ ਮੇਰੇ ਹੱਥ ਮਜ਼ਬੂਤ ਕਰ ਸਕੇ। ਇਹ ਵਿਅਕਤੀਵਿਸ਼ੇਸ਼ ਕਦੀ ਵੀ ਇਹ ਨਹੀਂ ਆਖਦੇ ਕਿ ਇਹ ਲੋਕਾਂ ਦਾ ਨੁਮਾਇੰਦਾ ਅਰਥਾਤ ਪ੍ਰਤੀਨਿਧ ਹੈ। ਅਜ ਤਕ ਕਿਸੇ ਵੀ ਉਮੀਦਵਾਰ ਨੇ ਆਪਣੇ ਇਲਾਕੇ ਦੇ ਲੋਕਾਂ ਦੀ ਕੋਈ ਸਮਸਿਆ ਨੋਟ ਨਹੀਂ ਕੀਤੀ ਅਤੇ ਨਾ ਹੀ ਸਦਨ ਵਿੱਚ ਹੀ ਉਹ ਸਮਸਿਆ ਹਲ ਕਰਨ ਲਈ ਕੋਈ ਸਕੀਮ ਬਣਾਕੇ ਪੇਸ਼ ਕਰ ਸਕਿਆ ਹੈ।
ਅਸੀਂ ਦੇਖ ਰਹੇ ਹਾਂ ਕਿ ਇਹ ਵਿਧਾਇਕ ਲਗ ਭਗ ਆਪਣੀ ਹੋਂਦ ਗਵਾ ਬੈਠੇ ਹਨ। ਇਹ ਬਸ ਗਿਣਤੀ ਜਿਹੀ ਬਣ ਗਏ ਹਨ। ਜਿਸ ਵੀ ਧੜੇ ਦੇ ਜ਼ਿਆਦਾ ਵਿਧਾਇਕ ਹੁੰਦੇ ਹਨ ਉਹੀ ਮੁਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਦਾ ਹੈ ਅਤੇ ਜਦ ਸਦਨਾ ਵਿੱਚ ਕੋਈ ਕਾਰਵਾਈ ਇਹ ਮੁਖ ਮੰਤਰੀ ਜਾਂ ਪ੍ਰਧਾਨ ਮੰਤਰੀ ਜੀ ਰਖਦੇ ਹਨ ਤਾਂ ਇਹ ਜਿਹੜੀ ਗਿਣਤੀ ਉਸ ਪਾਸ ਹੁੰਦੀ ਹੈ ਇਹ ਬਿਲ, ਸਕੀਮ ਪਾਸ ਕਰ ਦਿੰਦੀ ਹੈ। ਇਹ ਵਿਧਾਇਕ ਸਦਨਾ ਵਿੱਚ ਬੋਲ ਨਹੀਂ ਸਕਦੇ। ਸਰਕਾਰੀ ਵਿਧਾਇਕ ਤਾਂ ਮੁਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਲ ਝਾਕੀ ਜਾਂਦੇ ਹਨ ਅਤੇ ਇਸ਼ਾਰਾ ਹੋਵੇ ਤਾਂ ਹੀ ਬੋਲ ਸਕਦੇ ਹਨ ਅਤੇ ਬੋਲਣਾ ਵੀ ਉਹੀ ਕੁਝ ਹੁੰਦਾ ਹੈ ਜਿਹੜਾ ਮੁਖ ਮੰਤਰੀ ਜਾਂ ਪ੍ਰਧਾਨ ਮੰਤਰੀ ਆਖ ਗਿਆ ਹੈ ਅਤੇ ਅਸਾਂ ਇਹ ਵੀ ਦੇਖਿਆ ਕਿ ਸਾਡੀਆਂ ਸਦਨਾ ਵਿੱਚ ਇਹ ਬਹੁਗਿਣਤੀ ਵਾਲਾ ਪਾਸਾ ਹੀ ਕੰਮ ਕਰਦਾ ਹੈ ਅਤੇ ਬਾਕੀ ਵਿਰੋਧੀ ਧਿਰਾਂ ਤਾਂ ਬਸ ਸਦਨਾ ਵਿੱਚ ਜਾਕੇ ਬੈਠਦੀਆਂ ਹੀ ਹਨ। ਇਹ ਜਾਣਦੀਆਂ ਹਨ ਕਿ ਉਨ੍ਹਾਂ ਦੀ ਗਿਣਤੀ ਘਟ ਹੈ ਇਸ ਲਈ ਇਹ ਛੇਤੀ ਕੀਤਿਆਂ ਕੋਈ ਵੀ ਮਤਾ ਸਦਨਾ ਵਿੱਚ ਰਖਦੀਆਂ ਹੀ ਨਹੀਂ ਹਨ ਅਤੇ ਜਦ ਕਦੀ ਵਿਰੋਧਤਾ ਲਈ ਕੁਝ ਬੋਲਦੀਆਂ ਵੀ ਹਨ ਤਾਂ ਕੋਈ ਸੁਣਦਾ ਹੀ ਨਹੀਂ ਹੈ।
ਸਾਡੀਆਂ ਸਦਨਾਂ ਵਿੱਚ ਸਰਕਾਰੀ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਅਤੇ ਉਹ ਵੀ ਆਜ਼ਾਦ ਨਹੀਂ ਹਨ, ਬਲਕਿ ਉਨ੍ਹਾਂ ਦੀ ਚੋਣ ਵਕਤ ਹੀ ਦਸ ਦਿਤਾ ਜਾਂਦਾ ਹੈ ਕਿ ਸਦਨ ਵਿੱਚ ਸਿਰਫ ਮੁਖੀਆ ਹੀ ਬੋਲੇਗਾ ਅਤੇ ਬਸ ਵੋਟਾਂ ਪਾਕੇ ਉਸਦੀ ਗਲ ਲੋਕਾਂ ਉਤੇ ਲਾਗੂ ਕਰਵਾ ਦੇਣੀ ਹੈ।
ਇਹ ਹੈ ਗਿਣਤੀ ਜਿਸ ਵਿੱਚ ਸਾਡੇ ਵਿਧਾਇਕਾਂ ਦੀ ਹੋਂਦ ਬਦਲ ਚੁਕੀ ਹੈ। ਇਹ ਲੋਕਾਂ ਦੇ ਪ੍ਰਤੀਨਿਧ ਨਹੀਂ ਹਨ ਅਤੇ ਇਸ ਲਈ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਹ ਚੋਣਾਂ ਵੀ ਪਰਜਾਤੰਤਰ ਅਰਥਾਤ ਗਣਤੰਤਰ ਦਾ ਪਹਿਲਾ ਸਿਧਾਂਤ ਹੀ ਪੂਰਾ ਨਹੀਂ ਕਰ ਪਾ ਰਿਹਾ। ਸਾਡੀਆਂ ਸਦਨਾਂ ਵਿੱਚ ਲੋਕਾਂ ਦੇ ਪ੍ਰਤੀਨਿਧ ਕਦ ਜਾਕੇ ਬੈਠਣਗੇ ਇਸ ਬਾਰੇ ਅਸੀਂ ਪਿਛਲੇ ਸਾਢੇ ਸਤ ਦਹਾਕਿਆਂ ਵਿੱਚ ਸੋਚ ਵਿਚਾਰ ਕਰਨ ਦਾ ਕਦੀ ਸਿਲਸਿਲਾ ਹੀ ਚਾਲੂ ਨਹੀਂ ਕੀਤਾ ਅਤੇ ਅਸਾਂ ਦੇਖਿਆ ਕਿ ਸਾਡਾ ਮੀਡੀਆਂ ਵੀ ਇਸ ਮਸਲੇ ਉਤੇ ਚੁਪ ਹੈ। ਅਸਾਂ ਇਹ ਵੀ ਦੇਖਿਆ ਕਿ ਮੁਲਕ ਵਿੱਚ ਮਾਹਿਰ ਲੋਕ ਵੀ ਹਨ ਜਿਹੜੇ ਪਰਜਾਤੰਤਰ ਦੀਆਂ ਗਲਾਂ ਕਰਦੇ ਥਕਦੇ ਨਹ ਹਨ, ਉਹ ਵੀ ਕੋਈ ਤਰੀਕਾ ਦਸ ਨਹੀਂ ਪਾਏ ਜਿਸਦੀ ਵਰਤੋਂ ਕਰਕੇ ਅਸੀਂ ਵਿਅਕਤੀਵਿਸ਼ੇਸ਼ਾਂ ਦੇ ਸਪੋਰਟਰ ਚੁਣਨ ਦੀ ਬਜਾਏ ਲੋਕਾਂ ਦੇ ਪ੍ਰਤੀਨਿਧ ਚੁਣ ਸਕਿਆ ਕਰੀਏ ਅਤੇ ਇਹ ਸਦਨਾਂ ਸਾਡੀਆਂ ਬਣਕੇ ਸਾਡੇ ਲਈ ਕੰਮ ਕਰਨਾ ਸ਼ੁਰੂ ਕਰ ਸਕਣ।
ਗੁਲਾਮੀ ਦਾ ਸਮਾਂ ਬਹੁਤ ਹੀ ਲੰਬਾ ਰਿਹਾ ਹੈ ਅਤੇ ਇਸ ਕਰਕੇ ਇਸ ਮੁਲਕ ਦੇ ਲੋਕਾਂ ਉਤੇ ਸਿਰਫ ਜ਼ੁਲਮ ਹੀ ਹੁੰਦਾ ਰਿਹਾ ਹੈ। ਇਸ ਜ਼ੁਲਮ ਦੀਆਂ ਕਹਾਣੀਆਂ ਸਾਡੇ ਇਤਿਹਾਸਕਾਰਾਂ ਨੇ ਪਹਿਲਾਂ ਹੀ ਲਿਖ ਦਿਤੀਆਂ ਹਨ ਅਤੇ ਅਸੀਂ ਕਦੀ ਕਦੀ ਪੜ੍ਹ ਵੀ ਲੈਂਦੇ ਹਾਂ। ਇਹ ਕੀ ਸੀ ਕੁਝ ਵੀ ਸਾਥੋਂ ਛੁਪਿਆ ਹੋਇਆ ਨਹੀਂ ਹੈ। ਇਹ ਗੁਰਬਤ, ਇਹ ਅਨਪੜ੍ਹਤਾ, ਇਹ ਮਾੜੀ ਸਿਹਤ, ਇਹ ਭੁਖ ਨੰਗ, ਇਹ ਮੰਗਤੇ, ਇਹ ਵਿਹਲੜ, ਇਹ ਚੋਰ, ਇਹ ਠਗ, ਇਹ ਗੰਦੇ ਮੰਦੇ ਲੋਕ, ਇਹ ਝੁਗੀਆਂ, ਇਹ ਕਚੇ ਮਕਾਨ, ਇਹ ਛੋਟੇ ਮਕਾਨ, ਇਹ ਇਕ-ਕੰਮਰਾ ਮਕਾਨ, ਇਹ ਕੋਈ ਟੱਟੀ, ਕੋਈ ਗੁਸਲਖਾਨਾ ਨਾ ਹੋਣਾ, ਇਹ ਕੋਈ ਨਹਾਉਣ ਦਾ ਪ੍ਰਬੰਧ ਨਾ ਹੋਣਾ, ਇਹ ਨਿਕੇ ਨਿਕੇ ਬਚੇ ਕੰਮਾਂ ਉਤੇ ਲਗੇ ਅਸੀਂ ਸਾਰਾ ਕੁਝ ਆਪਣੀਆਂ ਅਖਾਂ ਨਾਲ ਦੇਖ ਰਹੇ ਹਾਂ ਅਤੇ ਇਸ ਲਈ ਕੋਈ ਸਰਵੇਖਣ ਕਰਾਉਣ ਦੀ ਵੀ ਜ਼ਰੂਰਤ ਨਹੀਂ ਹੈ। ਇਹ ਸਾਰਾ ਕੁਝ ਉਦੋਂ ਵੀ ਪਤਾ ਲਗ ਰਿਹਾ ਸੀ ਜਦ ਅਸੀਂ ਆਜ਼ਾਦ ਹੋਣ ਜਾ ਰਹੇ ਸਾਂ ਅਤੇ ਉਸ ਵਕਤ ਮਹਾਤਮਾ ਗਾਂਧੀ ਜੀ ਨੇ ਵੀ ਇਹ ਤਾਂ ਹੀ ਆਖਿਆ ਸੀ ਕਿ ਆਜ਼ਾਦੀ ਬਾਅਦ ਅਸੀਂ ਰਾਮ ਰਾਜ ਲੈ ਆਵਾਂਗੇ। ਲਗਦਾ ਹੈ ਮਹਾਤਮਾਂ ਗਾਂਧੀ ਜੀ ਵੀ ਇਹ ਨਹੀਂ ਸੀ ਜਾਣਦੇ ਕਿ ਇਹ ਵਾਲੀਆਂ ਸਮਸਿਆਵਾਂ ਅਸ ਹਲ ਕਿਵੇਂ ਕਰਾਂਗੇ ਅਤੇ ਇਸ ਲਈ ਸਿਰਫ ਰਾਮ ਰਾਜ ਦਾ ਸਪਨਾ ਸਾਨੂੰ ਦੇਕੇ ਮਹਾਤਮਾਂ ਗਾਂਧੀ ਜੀ ਆਪ ਚਲੇ ਗਏ ਸਨ।
ਇਹ ਜਿਹੜੀਆਂ ਵੀ ਵਿਅਕਤੀਵਿਸ਼ੇਸ਼ਾਂ ਦੀਆਂ ਸਰਕਾਰਾਂ ਪਿਛਲੇ ਸਾਢੇ ਸਤ ਦਹਾਕਿਆਂ ਵਿੱਚ ਬਣਦੀਆਂ ਰਹੀਆਂ ਹਨ ਇਹ ਸਰਕਾਰਾਂ ਸਿਰਫ ਰਾਜ ਕਰਨ ਲਈ ਹੀ ਬਣਦੀਆਂ ਰਹੀਆਂ ਹਨ ਅਤੇ ਇਸੇ ਲਈ ਸਦਨਾ ਵਿੱਚ ਇਹ ਗਿਣਤੀ ਬਣਾਈ ਰਖਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਅਤੇ ਇਹੀ ਆਧਾਰ ਹੈ ਅਜ ਵਾਲੀਆਂ ਸਰਕਾਰਾਂ ਦਾ। ਇਹ ਸਰਕਾਰਾਂ ਮੁਗਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਹਨ। ਇਹ ਜਿਹੜੀ ਬਹੁਮਤ ਹੈ ਇਹ ਪੰਜ ਸਾਲ ਸਰਕਾਰ ਟੁਟਣ ਨਹੀਂ ਦਿੰਦਾ ਅਤੇ ਜੈਸਾ ਵੀ ਵਿਅਕਤੀਵਿਸ਼ੇਸ਼ ਹੁੰਦਾ ਹੈ ਆਪਣੀਆਂ ਚਮ ਦੀਅੰਾ ਚਲਾਕੇ ਆਪਣੇ ਪੰਜ ਸਾਲ ਕਟ ਜਾਂਦਾ ਹੈ।
ਇਹ ਗਿਣਤੀ ਜਦ ਤਕ ਬਣੀ ਰਹੇਗੀ ਇਸ ਮੁਲਕ ਵਿੱਚ ਪਰਜਾਤੰਤਰ ਨਹੀਂ ਆ ਸਕਦਾ ਅਤੇ ਇਹ ਵੀ ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਅਸੀਂ ਕਦੀ ਵੀ ਆਪਣੇ ਪ੍ਰਤੀਨਿਧ ਨਹੀਂ ਚੁਣ ਸਕਾਂਗੇ ਅਤੇ ਜਦ ਪ੍ਰਤੀਨਿਧ ਹੀ ਕੋਈ ਨਹੀਂ ਫਿਰ ਇਹ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਡੀਆਂ ਸਦਨਾ ਵਿੱਚ ਕਦੀ ਸਾਡੀਆਂ ਸਮਸਿਆਵਾਂ ਦੀ ਗਲ ਵੀ ਤੁਰੇਗੀ। ਪਤਾ ਨਹੀਂ ਕਦੋਂ ਉਹ ਵਕਤ ਆਵੇਗਾ ਜਦ ਇਹ ਸਦਨਾ ਪਾਰਟੀ ਮੁਕਤ ਅਰਥਾਤ ਵਿਅਕਤੀਵਿਸ਼ੇਸ਼ ਮੁਕਤ ਹੋ ਜਾਣਗੀਆਂ ਅਤੇ ਸਦਨਾਂ ਵਿਚ ਹੀ ਮੁੜ ਪ੍ਰਧਾਨ ਮੰਤਰੀ, ਮੁਖ ਮੰਤਰੀ, ਮੰਤਰੀ ਅਤੇ ਰਾਸ਼ਟਰ ਪਤੀ ਤਕ ਦੀ ਚੋਣ ਹੋਇਆ ਕਰੇਗੀ ਅਤੇ ਸਿਰਫ ਉਹ ਆਦਮੀ ਉਸ ਅਹੁਦੇ ਲਈ ਆਪਣਾ ਫਾਰਮ ਭਰ ਸਕੇਗਾ ਜਿਹੜਾ ਉਸ ਅਹੁਦਾ ਦੀਆਂ ਯੋਗਤਾਵਾਂ ਰਖਦਾ ਹੋਵੇ। ਇਹ ਰਸਮੀ ਜਿਹਾ ਪਰਜਾਤੰਤਰ ਸਾਡੇ ਮੁਲਕ ਦੇ ਸਾਢੇ ਸਤ ਦਹਾਾਕੇ ਗਵਾ ਬੈਠਾ ਹੈ ਅਤੇ ਇਉਂ ਪਿਆ ਲਗਦਾ ਹੈ ਅਸੀਂ ਨਹੀਂ ਕਦੀ ਇਹ ਵਾਲਾ ਸਿਲਸਿਲਾ ਆਪ ਹੀ ਮੁਗਲਾਂ ਦੀ ਤਰ੍ਹਾਂ ਖ਼ਤਮ ਹੋ ਜਾਵੇਗਾ। ਪਰ ਐਸਾ ਹੋਣ ਵਿੱਚ ਅਗਰ ਪਹਿਲਾਂ ਮੁਗਲਾਂ ਨੇ ਸਾਡੇ ਬਾਰ੍ਹਾਂ ਤੇਰ੍ਹਾਂ ਸਦੀਆਂ ਬਰਬਾਦ ਕਰ ਦਿਤੀਆਂ ਹਨ, ਪਤਾ ਨਹ ਇਹ ਵਾਲਾ ਪਰਜਾਤੰਤਰ ਸਾਡੀਆਂ ਕਿਤਨੀਆਂ ਹੀ ਸਦੀਆਂ ਲੈ ਜਾਵੇਗਾ। ਪਿਛਲੇ ਸਾਢੇ ਸਤ ਦਹਾਕਿਆਂ ਵਿੱਚ ਕਦੀ ਵੀ ਕੁਝ ਐਸਾ ਨਹੀਂ ਵਾਪਰਿਆ ਹੈ ਜਿਸਤੋਂ ਅਸ ਇਹ ਅੰਦਾਜ਼ਾ ਲਗਾ ਸਕੀਏ ਕਿ ਕੋਈ ਵਡੀ ਤਬਦੀਲੀ ਆ ਸਕਦੀ ਹੈ। ਸਗੋਂ ਐਸਾ ਪਿਆ ਲਗਦਾ ਹੈ ਕਿ ਇਹ ਇਕਪੁਰਖਾ ਵਿਅਕਤੀਵਿਸ਼ੇਸ਼ਾਂ ਵਾਲਾ ਰਾਜ ਹੁਣ ਪਕੇ ਪੈਰ ਹੋ ਗਿਆ ਹੈ। ਇਹ ਵਿਧਾਇਕ ਜਦ ਤਕ ਲੋਕਾਂ ਦੇ ਪ੍ਰਤੀਨਿਧ ਨਹੀਂ ਬਣਦੇ ਅਤੇ ਸਿਰਫ ਗਿਣਤੀ ਹੀ ਬਣੇ ਰਹਿਣਗੇ, ਇਹ ਬਹੁਮਤ ਅਰਥਾਤ ਬਹੁਤੀ ਗਿਣਤੀ ਵਾਲੀਆਂ ਸਰਕਾਰਾਂ ਹੀ ਚਲਦੀਆਂ ਰਹਿਣਗੀਆਂ। ਹਾਲਾਂ ਤਕ ਸਾਡੇ ਵਿਧਾਇਕਾਂ ਨੇ ਆਜ਼ਾਦੀ ਦੀ ਜੰਗ ਸ਼ੁਰੂ ਹੀ ਨਹੀਂ ਕੀਤੀ ਹੈ। ਪਤਾ ਨਹੀਂ ਕਦ ਇਹ ਆਜ਼ਾਦੀ ਦੀ ਜੰਗ ਸ਼ੁਰੂ ਕੀਤੀ ਜਾਵੇਗੀ ਅਤੇ ਪਤਾ ਨਹੀਂ ਕਦ ਅਸਲ ਪਰਜਾਤੰਤਰ ਆਵੇਗਾ। ਲੋਕਾਂ ਵਿਚਾਰਿਆਂ ਦੀ ਤਾਂ ਇਹ ਆਦਤ ਜਿਹੀ ਬਣ ਗਈ ਹੈ ਅਤੇ ਉਹ ਸਦੀਆਂ ਤਕ ਜੋ ਵੀ ਬਰਦਾਸ਼ਿਤ ਕਰਦੇ ਆਏ ਹਨ ਕੁਝ ਸਦੀਆਂ ਹੋਰ ਵੀ ਬਰਦਾਸ਼ਿਤ ਕਰ ਲੈਣਗੇ।
101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001
ਫੋਨ 0175 5191856