ਦੋਸਤੋ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ । ਜੋ ਇਕੱਲਾ ਨਹੀਂ ਰਹਿ ਸਕਦਾ।ਉਹ ਰੋਜ਼ਾਨਾ ਹੀ ਅਨੇਕਾਂ ਰਿਸ਼ਤਿਆਂ ਵਿੱਚੋਂ ਦੀ ਗੁਜ਼ਰਦਾ ਹੈ ਤੇ ਵਿਚਰਦਾ ਹੈ।ਸਮਾਜ ਅੰਦਰ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਜਾਲ ਵਿਛਿਆ ਹੋਇਆ ਹੈ ।ਜਿਵੇਂ ਕਿ ਖ਼ੂਨ ਦੇ ਰਿਸ਼ਤੇ , ਜਨਮ ਸਬੰਧੀ ਰਿਸ਼ਤੇ,ਪਰਿਵਾਰਕ ਰਿਸ਼ਤੇ ,ਵਿਆਹ ਰਾਂਹੀ ਬਣਦੇ ਰਿਸ਼ਤੇ, ਭਾਵਨਾਤਮਕ ਰਿਸ਼ਤੇ ਆਦਿ ।ਵਿਆਹ ਰਾਹੀਂ ਅਨੇਕਾਂ ਰਿਸ਼ਤੇ ਬਣਦੇ ਹਨ। ਜਿਵੇਂ ਪਤੀ-ਪਤਨੀ ,ਸੱਸ-ਨੂੰਹ,ਸਹੁਰਾ-ਨੂੰਹ,ਸਹੁਰਾ-ਜਵਾਈ, ਸੱਸ-ਜਵਾਈ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜਠਾਣੀ ਇਹਨਾਂ ਦੇ ਨਾਲ ਸੰਬੰਧਿਤ ਅਨੇਕਾਂ ਹੀ ਹੋਰ ਰਿਸ਼ਤੇ।ਰਿਸ਼ਤੇ ਮਨੁੱਖੀ ਜੀਵਨ ਦਾ ਅਧਾਰ ਹਨ। ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਵਿਸ਼ਵਾਸ ਤੇ ਪਿਆਰ ਦਾ ਹੋਣਾ ਜ਼ਰੂਰੀ ਹੈ।ਕਈ ਵਾਰ ਮਨੁੱਖ ਨੂੰ ਪੈਸਿਆਂ ਦੀ ਨਹੀਂ ਬਲਕਿ ਹਮਦਰਦੀ ਦੀ ਲੋੜ ਹੁੰਦੀ ਹੈ ।ਅੱਜ ਆਪਾ ਗੱਲ ਕਰਦੇ ਹਾਂ ਪਤੀ -ਪਤਨੀ ਦੇ ਰਿਸ਼ਤੇ ਦੀ।ਪਤੀ ਪਤਨੀ ਇੱਕ ਸਿੱਕੇ ਦੇ ਦੋ ਪਹਿਲੂ ਹਨ।ਜਾਂ ਕਹਿ ਲਿਆ ਜਾਵੇ ਕਿ ਇੱਕ ਗੱਡੀ ਦੇ ਦੋ ਪਹੀਏ ਹਨ।ਜੇ ਇੱਕ ਵਿਛੜ ਜਾਵੇ ਤਾਂ ਜੀਵਨ ਬੇਕਾਰ ਹੋ ਜਾਂਦਾ ਹੈ।ਪਤਨੀ ਆਪਣੇ ਸਹੁਰੇ ਪਰਿਵਾਰ ਵਿੱਚ ਬਿਲਕੁਲ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਦੀ ਹੈ।ਉਸਦੇ ਲਈ ਸਾਰਾ ਕੁੱਝ ਨਵਾਂ ਹੁੰਦਾ ਹੈ।ਇੱਕ ਪਤੀ ਨੂੰ ਆਪਣੀ ਪਤਨੀ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਚਾਹੇ ਉਹ ਇਕੱਲਿਆਂ ਵਿਚ ਹੋਣ ਜਾਂ ਦੂਜਿਆਂ ਦੇ ਨਾਲ। ਉਹ ਹਮੇਸ਼ਾ ਹੀ ਆਪਣੀ ਪਤਨੀ ਦਾ ਧਿਆਨ ਰੱਖੇਗਾ, ਉਸ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਅਤੇ ਉਸ ਦੀਆਂ ਜ਼ਰੂਰਤਾਂ ਨੂੰ ਵੀ ਪੂਰੀਆਂ ਕਰੇਗਾ। ਨਿਮਰਤਾ ਅਤੇ ਮਿੱਠ ਬੋਲੜਾ ਹੋਣਾ ਚੰਗੇ ਵਿਅਕਤੀ ਦੀ ਪਹਿਲੀ ਨਿਸ਼ਾਨੀ ਹੈ। ਇਹ ਗੁਣ ਪਤੀ-ਪਤਨੀ ਦੋਵਾਂ ਵਿੱਚ ਹੋਣਾ ਲਾਜ਼ਮੀ ਹੈ। ਇੱਕ ਆਦਰਸ਼ ਪਤੀ-ਪਤਨੀ ਹਰ ਰੋਜ਼ ਇਕ-ਦੂਜੇ ਲਈ ਸਮਾਂ ਕੱਢਣਗੇ,ਇੱਕ ਦੂਜੇ ਦੀ ਕਦਰ ਕਰਨਗੇ ਪਿਆਰ ਨਾਲ ਗੱਲਾਂ ਕਰਨਗੇ। ਉਹ ਕਦੇ ਵੀ ਕਿਸੇ ਕਾਰਨ ਕਰਕੇ ਆਪਣੇ ਵਿਚ ਦੂਰੀਆਂ ਨਹੀਂ ਪੈਣ ਦੇਣਗੇ। ਅਕਸਰ ਹੀ ਦੇਖਿਆ ਜਾਂਦਾ ਹੈ ਕਈ ਨਵ ਵਿਆਹੇ ਜੋੜੇ ਲੋਕ ਦਿਖਾਵਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕ ਦਿਖਾਵੇ ਤੋਂ ਬਚੋ। ਜੇਕਰ ਤੁਹਾਡਾ ਹਮਸਫ਼ਰ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਤਾਂ ਦੁਨੀਆਂ ਦੀ ਪਰਵਾਹ ਕੀਤੇ ਬਿਨਾਂ ਅੱਗੇ ਵਧੋ। ਫ਼ਜ਼ੂਲ ਖ਼ਰਚੀ ਤੋਂ ਬਚੋ। ਪਤੀ ਪਤਨੀ ਦਾ ਇਕ-ਦੂਜੇ ’ਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ।ਚੰਗੇ ਜੀਵਨ ਸਾਥੀ ਹਮੇਸ਼ਾ ਇੱਕ ਦੂਜੇ ਨੂੰ ਹੀ ਅਹਿਮੀਅਤ ਦੇਣਗੇ ਨਾ ਕਿ ਕਿਸੇ ਹੋਰ ਵਿਅਕਤੀ ਜਾਂ ਚੀਜ਼ ਨੂੰ। ਪਤੀ ਪਤਨੀ ਦੋਨੋਂ ਹੀ ਖ਼ਾਸ ਕਰਕੇ ਇਸ ਗੱਲ ਦਾ ਧਿਆਨ ਰੱਖਣਗੇ ਕਿ ਉਹ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਵੱਲ ਨੇੜਤਾ ਨਾ ਵਧਾਉਣ।ਪਤੀ-ਪਤਨੀ ਰਲ਼ ਕੇ ਚੰਗੇ ਫ਼ੈਸਲੇ ਕਰ ਸਕਦੇ ਹਨ। ਪਰ ਕਦੇ-ਕਦੇ ਸ਼ਾਇਦ ਪਤਨੀ ਆਪਣੇ ਪਤੀ ਦੇ ਕਿਸੇ ਫ਼ੈਸਲੇ ਨਾਲ ਸਹਿਮਤ ਨਾ ਹੋਵੇ। ਉਦੋਂ ਉਹ ਸ਼ਾਂਤੀ ਤੇ ਆਦਰ ਨਾਲ ਆਪਣੀ ਰਾਇ ਦੱਸ ਸਕਦੀ ਹੈ। ਭਾਵੇਂ ਤੁਹਾਡੇ ਭੂਤਕਾਲ ਵਿੱਚ ਕੁੱਝ ਵੀ ਵਾਪਰਿਆਂ ਹੋਵੇ ਚਾਹੇ ਉਹ ਕਿੰਨਾ ਵੀ ਕੁਝ ਬੁਰਾ ਵਾਪਰਿਆ ਹੋਵੇ ਪਰ ਉਹ ਤੁਹਾਨੂੰ ਕਦੇ ਵੀ ਲੰਘ ਚੁੱਕੇ ਬੁਰੇ ਸਮੇਂ ਦਾ ਅਹਿਸਾਸ ਨਹੀ ਹੋਣ ਦੇਵੇਗਾ।ਹਰ ਜੋੜੇ ਨੂੰ ਸਮੱਸਿਆਵਾਂ ਜ਼ਰੂਰ ਆਉਂਦੀਆਂ ਹਨ, ਇਸ ਲਈ ਪਤੀ-ਪਤਨੀ ਨੂੰ ਮਿਲ ਕੇ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣਾ ਚਾਹੀਦਾ ਹੈ। ਇਕ-ਦੂਸਰੇ ਦੀ ਇੱਜ਼ਤ ਕਰਨੀ ਚਾਹੀਦੀ ਹੈ। ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਉਸ ਨੂੰ ਨੀਵਾਂ ਨਹੀ ਦਿਖਾਉਣਾ ਚਾਹੀਦਾ ।ਪਤੀ ਅਤੇ ਪਤਨੀ ਨੂੰ ਸਭ ਤੋਂ ਪਹਿਲਾ ਇੱਕ ਦੂਜੇ ਨੂੰ ਸਮਝਣਾ ਜ਼ਰੂਰੀ ਹੈ।ਆਪਣੇ ਆਪ ਨੂੰ ਦੋਨੋਂ ਪਰਿਵਾਰਾਂ ਦੇ ਰਿਸ਼ਤਿਆਂ ਅਨੁਸਾਰ ਢਾਲਣਾ ਜ਼ਰੂਰੀ ਹੈ।ਜੇਕਰ ਇੱਕ ਚੰਗਾ ਜੀਵਨ ਸਾਥੀ ਜਾਂ ਸਾਥਣ ਬਣਨਾ ਹੈ ਤਾਂ ਕਦੇ ਵੀ ਮੱਥੇ ‘ਤੇ ਤਿਊੜੀਆਂ ਨਹੀਂ ਪਾਉਣੀਆਂ ਚਾਹੀਦੀਆਂ।ਹਮੇਸ਼ਾ ਚਿਹਰੇ ‘ਤੇ ਮੁਸਕਰਾਹਟ ਰੱਖਣੀ ਚਾਹੀਦੀ ਹੈ। ਕੰਮ ਤੋਂ ਆਏ ਪਤੀ ਜਾਂ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਨੂੰ ਘਰ ਵੜਦਿਆਂ ਹੀ ਮੁਸਕਰਾਉਂਦਿਆਂ ਮਿਲਣਾ ਚਾਹੀਦਾ ਹੈ। ਇੱਕ ਚੰਗੀ ਸੋਚ ਵਾਲਾ ਹਮਸਫ਼ਰ ਕਿਸੇ ਨੂੰ ਜ਼ਲੀਲ ਕਰਨ ਜਾਂ ਨੀਵਾਂ ਦਿਖਾਉਣ ਦਾ ਯਤਨ ਨਹੀਂ ਕਰਦਾ। ਆਲੋਚਨਾ ਪਤੀ-ਪਤਨੀ ਦੋਵਾਂ ਨੂੰ ਇਕੱਲਿਆਂ ਬੈਠ ਕੇ ਕਰਨੀ ਚਾਹੀਦੀ ਹੈ, ਉਹ ਵੀ ਉਦੋਂ ਜਦੋਂ ਦੋਵੇਂ ਸ਼ਾਂਤ-ਚਿਤ ਹੋਣ। ਆਲੋਚਨਾ ਸ਼ੁਰੂ ਕਰਨ ਤੋਂ ਪਹਿਲਾਂ ਹਮਸਫ਼ਰ ਦੇ ਚੰਗੇ ਗੁਣਾਂ ਦੀ ਸਿਫਤ ਕਰਨੀ ਚਾਹੀਦੀ ਹੈ ਤੇ ਉਸਦਾ ਪੱਖ ਵੀ ਪੂਰੇ ਧਿਆਨ ਨਾਲ ਸੁਣਨਾ ਚਾਹੀਦਾ ਹੈ।ਕਈ ਲੋਕ ਘਰ ਵਿਚ ਸਭ ਕੁੱਝ ਹੋਣ ਦੇ ਬਾਵਜੂਦ ਖੁਸ਼ ਨਹੀਂ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕੁੱਝ ਖਾਲੀ ਜ਼ਰੂਰ ਹੈ, ਜਿਸ ਬਾਰੇ ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ।ਇੱਕ ਚੰਗੇ ਜੀਵਨ ਸਾਥੀ ਨੂੰ ਸਮਾਜ ਵਿਚ ਰਹਿੰਦਿਆਂ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹਿਣ ਦੀ ਹਿੰਮਤ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਜੋ ਮਨੁੱਖ ਨੂੰ ਇਨਸਾਨੀਅਤ ਨਹੀਂ ਸਿਖਾਉਂਦੀਆਂ । ਹਮੇਸ਼ਾ ਇੱਕ ਦੂਜੇ ਲਈ ਇਮਾਨਦਾਰ ਰਹਿਣਾ ਚਾਹੀਦਾ ਹੈ।ਕਦੇ ਵੀ ਦਿਲ ਦੀਆਂ ਗੱਲਾਂ ਦਿਲ ਵਿਚ ਨਾ ਰੱਖੋ।ਹਮੇਸ਼ਾ ਇੱਕ ਦੂਜੇ ਨਾਲ ਸ਼ੇਅਰ ਕਰੋ ।ਪਤਨੀ ਨੂੰ ਹਮੇਸ਼ਾ ਹੀ ਪਤੀ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਪਹਿਨਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ । ਇਕ ਚੰਗਾ ਜੀਵਨ ਸਾਥੀ ਹਮੇਸ਼ਾਂ ਤੁਹਾਡੀ ਕਦਰ ਕਰੇਗਾ ਅਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਅਹਿਮੀਅਤ ਬਾਰੇ ਜਾਣੂ ਕਰਵਾਏਗਾ। ਕਦੇ ਵੀ ਇੱਕ ਦੂਜੇ ਨੂੰ ਗੁਲਾਮ ਨਹੀਂ ਬੁਣਾਉਣਾ ਚਾਹੀਦਾ।ਹਮੇਸ਼ਾ ਹੀ ਆਗਿਆਕਾਰੀ ਪਤੀ-ਪਤਨੀ ਬਣ ਕੇ ਰਹਿਣਾ ਚਾਹੀਦਾ ਹੈ।ਇਸ ਦੇ ਨਾਲ ਹੀ ਪਤੀ ਨੂੰ ਪਤਨੀ ਦੀ ਹਰ ਜ਼ਰੂਰਤ ਸਮੇਂ ਸਿਰ ਪੂਰੀ ਕਰਨੀ ਚਾਹੀਦੀ ਹੈ। ਅਕਸਰ ਹੀ ਇਹ ਸਿਆਣਿਆਂ ਨੂੰ ਕਹਿੰਦੇ ਹੋਏ ਸੁਣਿਆ ਹੈ ਕਿ ਦੋ ਭਾਂਡੇ ਇਕੱਠੇਪ ਰਹਿੰਦੇ ਹਨ ਤਾਂ ਖੜਕਦੇ ਵੀ ਹਨ। ਇਸੇ ਤਰ੍ਹਾਂ ਜਦ ਦੋ ਇਨਸਾਨ ਇਕੱਠੇ ਰਹਿੰਦੇ ਹਨ ਤਾਂ ਉਹਨਾਂ ਵਿਚ ਝਗੜਾ ਹੋਣਾ ਸੁਭਾਵਿਕ ਹੈ।ਸਮਝਦਾਰ ਜੀਵਨ ਸਾਥੀ ਕਦੇ ਵੀ ਲੜਾਈ ਨਹੀਂ ਵਧਾਉਂਦੇ ।ਹਮੇਸ਼ਾ ਇੱਕ ਦੂਜੇ ਦਾ ਸਾਥ ਦਿੰਦੇ ਹਨ।ਜੇਕਰ ਜੀਵਨ ਸਾਥੀ ਇੱਕ ਦੂਜੇ ਦਾ ਸਾਥ ਦਿੰਦੇ ਹਨ ਤਾਂ ਜ਼ਿੰਦਗੀ ਚੰਗੀ ਹੋ ਨਿਬੜਦੀ ਹੈ।
ਪ੍ਰੋ.ਗਗਨਦੀਪ ਕੌਰ ਧਾਲੀਵਾਲ