ਦੇਹਰਾਦੂਨ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਤਰਾਖੰਡ ਵਿਚ ਵੱਡੀ ਤਬਾਹੀ ਆ ਸਕਦੀ ਹੈ ਕਿਉਂਕਿ ਇਥੇ ਭਾਰੀ ਬਰਸਾਤ ਲਗਾਤਾਰ ਹੋ ਰਹੀ ਹੈ। ਨਦੀ ਵੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚਲ ਰਹੀ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਪਹਾੜੀ ਇਲਾਕਿਆਂ ’ਚ ਮੀਂਹ ਕਾਰਨ ਨਦੀਆਂ ਨਾਲਿਆਂ ’ਚ ਹੜ੍ ਵਰਗੀ ਸਥਿਤੀ ਬਣ ਚੁੱਕੀ ਹੈ ਅਤੇ ਪ੍ਰਸ਼ਾਸਨ ਵੀ ਮੁਸ਼ਤੈਦ ਹੋ ਚੁੱਕਾ ਹੈ। ਸ਼ਨੀਵਾਰ ਰਾਤ ਗੰਗਾ ਵੱਧ ਪਹੁੰਚਣ ਕਾਰਨ ਹਰਿਦੁਆਰ ਸਥਿਤ ਭੀੜਗੋੜਾ ਬੈਰਾਜ ਦੇ ਸਭ ਗੇਟ ਖੋਲ੍ਹ ਦਿੱਤੇ ਗਏ। ਇਸ ਨਾਲ ਹਰਿਦੁਆਰ ਦੇ ਨੀਵੇ ਇਲਾਕਿਆਂ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਗੰਗਾ ਕੰਢੇ ਵਾਲੇ ਇਲਾਕਿਆਂ ਲਈ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਇਕ ਆਰਜ਼ੀ ਪੁੱਲ ’ਚ ਦਰਾਰ ਵੀ ਆ ਗਈ। ਰਿਸ਼ੀਕੇਸ਼ ਵਿਖੇ ਵੱਖ-ਵੱਖ ਥਾਵਾਂ ’ਤੇ ਪਾਣੀ ਭਰ ਗਿਆ। ਲਖਸਰ ’ਚ ਗੰਗਾ ਦਰਮਿਆਨ ਇਕ ਟਾਪੂ ’ਚ ਫਸੇ 40 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਗੜਵਾਲ ਖੇਤਰ ’ਚ ਕਈ ਛੋਟੇ ਦਰਿਆ ਨਕੋ-ਨੱਕ ਭਰ ਗਏ ਹਨ। ਚੰਬਾ ਵਿਖੇ ਗੰਗੋਤਰੀ ਲਈ ਬਣਾਈ ਗਈ ਇਕ ਸੁਰੰਗ ਨੂੰ ਨੁਕਸਾਨ ਪੁੱਜਾ ਹੈ। ਬਦਰੀਨਾਥ ਅਤੇ ਕੇਦਾਰਨਾਥ ਸਮੇਤ ਸੂਬੇ ਦੀਆਂ ਕਈ ਪ੍ਰਮੁੱਖ ਸੜਕਾਂ ਬੰਦ ਹੋ ਗਈਆਂ ਹਨ। ਕੇਦਾਰਨਾਥ ਨੂੰ ਜਾਣ ਵਾਲਾ ਪੈਦਲ ਰਾਹ ਵੀ ਬੰਦ ਹੋ ਗਿਆ ਹੈ। ਇਥੇ ਥਾਂ-ਥਾਂ ਚੱਟਾਣਾਂ ਡਿੱਗ ਪਈਆਂ ਹਨ। ਇਥੇ ਦਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਸ ਇਲਾਕੇ ਵਿਚ ਭਾਰੀ ਬਰਸਾਤ ਪੈ ਰਹੀ ਹੈ ਜਿਸ ਕਾਰਨ ਅਕਸਰ ਜ਼ਮੀਨ ਖਿਸਕਨ ਅਤੇ ਨਦੀ ਨਾਲਿਆਂ ਵਿਚ ਹੜ ਆ ਜਾਂਦੇ ਹਨ। ਹਾਲੇ ਕੁੱਝ ਮਹੀਨੇ ਪਹਿਲਾਂ ਇਸੇ ਇਲਾਕੇ ਵਿਚ ਹੜ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਸੀ।