ਅੰਮਿ੍ਤਸਰ : ਪੰਜਾਬ ਵਿਚ ਬਿਜਲੀ ਸੰਕਟ ਚਲ ਰਿਹਾ ਹੈ ਅਤੇ ਇਸੇ ਮੁੱਦੇ ਉਤੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਤੇ ਜਦੋਂ ਨਿਸ਼ਾਨੇ ਲਾਉਣੇ ਸ਼ੁਰੂ ਕੀਤੇ ਸਨ ਤਾਂ ਵਿਰੋਧੀਆਂ ਨੇ ਕਿਹਾ ਸੀ ਕਿ ਪਹਿਲਾਂ ਸਿੱਧੂ ਆਪਣਾ ਲੱਖਾਂ ਦਾ ਬਿਜਲੀ ਬਿੱਲ ਅਦਾ ਕਰਨ। ਇਸੇ ਗਲ ਨੂੰ ਖਤਮ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਹੁਣ ਆਪਣਾ ਬਿਜਲੀ ਬਿਲ ਬਿਜਲੀ ਅਦਾਰੇ ਕੋਲ ਜਮ੍ਹਾਂ ਕਰਵਾ ਦਿਤਾ ਹੈ। ਇਥੇ ਦਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਟਵਿੱਟਰ ਰਾਹੀਂ ਪੰਜਾਬ ਵਿੱਚ ਬਿਜਲੀ ਦੇ ਵੱਡੇ ਸੰਕਟ ਤੋਂ ਬਚਣ ਲਈ ਸੁਝਾਅ ਦਿੱਤੇ ਸਨ। ਪਰ ਇਹ ਦਸਿਆ ਜਾ ਰਿਹਾ ਹੈ ਕਿ ਕਾਂਗਰਸ ਨੇਤਾ ਸਿੱਧੂ ਨੇ ਤਿੰਨ ਮਹੀਨਿਆਂ ਤੋਂ ਆਪਣਾ ਬਿਜਲੀ ਦਾ ਬਿੱਲ ਨਹੀਂ ਕੀਤਾ ਹੈ। ਸਿੱਧੂ ਵੱਲੋਂ ਆਪਣੇ ਘਰ ਦਾ ਤਕਰੀਬਨ 8.67 ਲੱਖ ਰੁਪਏ ਦਾ ਬਕਾਇਆ ਬਿਜਲੀ ਨਾ ਭਰਨ ਦਾ ਮਾਮਲਾ ਸ਼ਨਿਚਰਵਾਰ ਨੂੰ ਵੀ ਚਰਚਾ ‘ਚ ਰਿਹਾ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਸੁਪਰਟੈਡਿੰਗ ਇੰਜੀਨੀਅਰ ਜੀਐਸ ਖਹਿਰਾ ਨੇ ਕਿਹਾ ਕਿ ਇਹ ਅੱਠ ਮਹੀਨਿਆਂ ਤੋਂ ਵੱਧ ਦਾ ਬਿੱਲ ਸੀ ਜਿਸ ਦਾ ਭੁਗਤਾਨ ਕੀਤਾ ਜਾਣਾ ਸੀ। ਸਿੱਧੂ ਨੇ ਪੀਐਸਪੀਸੀਐਲ ਦਾ 17,62,742 ਰੁਪਏ ਬਕਾਇਆ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਰਚ ਵਿਚ 10 ਲੱਖ ਰੁਪਏ ਦੇ ਕਰੀਬ ਰਕਮ ਅਦਾ ਕੀਤੀ ਸੀ, ਉਨ੍ਹਾਂ ਨੂੰ ਸਰਚਾਰਜ ਦੀ ਰਕਮ ‘ਤੇ ਕੁਝ ਇਤਰਾਜ਼ ਸੀ ਅਤੇ ਇਸ ਨੂੰ ਬਕਾਇਆ ਰੱਖਿਆ ਗਿਆ। ਉਨ੍ਹਾਂ ਦੇ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਹੋਈ ਫਜ਼ੀਹਤ ‘ਤੇ ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਸਿੱਧੂ ਦੇ ਕਰੀਬੀ ਤੇ ਉਨ੍ਹਾਂ ਦੀ ਰਿਹਾਇਸ਼ ‘ਚ ਸਥਿਤ ਦਫਤਰ ਦੇ ਸਕੱਤਰ ਰਾਜੀ ਮਹਾਜਨ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਸਿੱਧੂ ਨੇ 8,67,540 ਰੁਪਏ ਬਕਾਇਆ ਬਿਜਲੀ ਬਿੱਲ ਦਾ ਪਾਵਰਕਾਮ ਨੂੰ ਆਨਲਾਈਨ ਭੁਗਤਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 14 ਮਾਰਚ ਨੂੰ ਬਿਜਲੀ ਦੇ ਬਿੱਲ ਦੇ ਰੂਪ ‘ਚ 10 ਲੱਖ ਰੁਪਏ ਦੇ ਭੁਗਤਾਨ ਦੀ ਰਸੀਦ ਵੀ ਜਾਰੀ ਕੀਤੀ। ਈਸਟ ਡਵੀਜ਼ਨ ਦੇ ਐਕਸੀਅਨ ਮਨੋਹਰ ਸਿੰਘ ਨੇ ਕਿਹਾ ਕਿ ਡਾ. ਨਵਜੋਤ ਕੌਰ ਸਿੱਧੂ ਨੇ ਵਨ ਟਾਈਮ ਸੈਟਲਮੈਂਟ (ਓਟੀਐੱਸ) ਤਹਿਤ ਵਿਭਾਗ ‘ਤੇ ਕੇਸ ਲਾਇਆ ਹੋਇਆ ਹੈ। ਇਸ ਤਹਿਤ ਸਿੱਧੂ ਦੇ ਘਰ ਵਿਚ ਲੱਗੇ ਬਿਜਲੀ ਕੁਨੈਕਸ਼ਨ ਦਾ ਬਿੱਲ ਸਹੀ ਕਰਨ ਦਾ ਮਾਮਲਾ ਵਿਚਾਰ ਅਧੀਨ ਹੈ। ਉਧਰ ਈਸਟ ਡਵੀਜ਼ਨ ਦੇ ਸਬ ਡਵੀਜ਼ਨ ਸਾਊਥ ਦੇ ਰੈਵੇਨਿਊ ਅਕਾਊਂਟੈਂਟ (ਆਰਏ) ਨੇ ਐਕਸੀਅਨ ਮਨੋਹਰ ਲਾਲ ਦੇ ਹਵਾਲੇ ਨਾਲ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਉਨ੍ਹਾਂ ਨੂੰ ਸਿੱਧੂ ਦੇ ਦਫਤਰ ਤੋਂ ਫੋਨ ਆਇਆ ਸੀ। ਉਨ੍ਹਾਂ ਆਨ ਲਾਈਨ ਬਿੱਲ ਭੁਗਤਾਨ ਸਬੰਧੀ ਸੂਚਨਾ ਮੰਗੀ ਸੀ। ਆਰਟੀਜੀਐੱਸ ਤਹਿਤ ਹੋਏ ਅਦਾਇਗੀ ਕਾਰਨ ਇਕ ਯੂਟੀਆਰ ਨੰਬਰ ਆਉਂਦਾ ਹੋ ਜਿਸ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਭੁਗਤਾਨ ਹੋ ਗਿਆ ਹੈ। ਆਨ ਲਾਈਨ ਪੇਮੈਂਟ ਹੋਣ ਦੇ ਲਗਭਗ 24 ਘੰਟਿਆਂ ਦੇ ਬਾਅਦ ਹੀ ਵਿਭਾਗ ਦੇ ਰਿਕਾਰਡ ਵਿਚ ਇਸ ਦੀ ਪੁਸ਼ਟੀ ਹੁੰਦੀ ਹੈ। ਐਤਵਾਰ ਨੂੰ ਛੁੱਟੀ ਹੋਣ ਕਾਰਨ ਸੋਮਵਾਰ ਨੂੰ ਹੀ ਸਥਿਤੀ ਸਪੱਸ਼ਟ ਹੋਵੇਗੀ।