ਬ੍ਰਸੇਲਸ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ ਅਤੇ ਇਸ ਦੇ ਕਈ ਵਾਰ ਅਜੀਬ ਮਾਮਲੇ ਸਾਹਮਣੇ ਆ ਰਹੇ ਹਨ। ਇਥੇ ਇਹ ਵੀ ਦਸ ਦਈਏ ਕਿ ਕੋਰੋਨਾ ਤੋਂ ਬਾਅਦ ਇਸ ਦੇ ਹੋਰ ਹੋਰ ਰੂਪ ਵੀ ਸਾਹਮਣੇ ਆ ਰਹੇ ਹਨ। ਬੈਲਜੀਅਮ ਵਿਚ ਇਸ ਸਬੰਧੀ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ 90 ਸਾਲਾ ਇਕ ਬਜ਼ੁਰਗ ਔਰਤ ਕੋਰੋਨਾ ਦੇ ਇਕ ਨਹੀਂ ਸਗੋਂ ਦੋ ਵੱਖ-ਵੱਖ ਵੈਰੀਐਂਟਾਂ ਨਾਲ ਇਕੱਠਿਆਂ ਹੀ ਪੀੜਤ ਹੋ ਗਈ। ਇਸ ਕਾਰਨ ਔਰਤ ਦੀ ਮੌਤ ਹੋ ਗਈ। ਜਾਂਚ ਵਿਚ ਪਾਇਆ ਗਿਆ ਕਿ ਔਰਤ ਕੋਰੋਨਾ ਦੇ ‘ਅਲਫ਼ਾ’ ਅਤੇ ‘ਬੀਟਾ’ ਦੋਹਾਂ ਵੈਰੀਐਂਟ ਨਾਲ ਪੀੜਤ ਸੀ। ਇਸ ਮਾਮਲੇ ਨੇ ਖੋਜੀਆਂ ਦੀ ਚਿੰਤਾ ਵਧਾ ਦਿਤੀ ਹੈ। ਹਾਲੇ ਤਕ ਇਹ ਪਤਾ ਨਹੀਂ ਚੱਲ ਪਾਇਆ ਹੈ ਉਹ ਪੀੜਤ ਕਿਵੇਂ ਹੋਈ।
ਬਜ਼ੁਰਗ ਔਰਤ ਕਾਫੀ ਸਮੇਂ ਤੋਂ ਘਰ ਵਿਚ ਇਕੱਲੀ ਰਹਿ ਰਹੀ ਸੀ। ਔਰਤ ਨੇ ਹੁਣ ਤਕ ਐਂਟੀ ਕੋਰੋਨਾ ਵੈਕਸੀਨ ਨਹੀਂ ਲਗਵਾਈ ਸੀ। ਬੀਤੇ ਦਿਨ ਤਬੀਅਤ ਖ਼ਰਾਬ ਹੋਣ ’ਤੇ ਉਸ ਨੂੰ ਬੈਲਜੀਅਮ ਦੇ ਆਲਸਟ ਸ਼ਹਿਰ ਵਿਚ ਓ.ਐਲ.ਵੀ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਉਸੇ ਦਿਨ ਔਰਤ ਦੀ ਕੋਰੋਨਾ ਜਾਂਚ ਰਿਪੋਰਟ ਵੀ ਪਾਜ਼ੇਟਿਵ ਆਈ। ਸ਼ੁਰੂਆਤ ਵਿਚ ਔਰਤ ਦਾ ਆਕਸੀਜਨ ਪੱਧਰ ਚੰਗਾ ਰਿਹਾ ਪਰ ਉਸ ਦੀ ਤਬੀਅਤ ਤੇਜ਼ੀ ਨਾਲ ਖ਼ਰਾਬ ਹੁੰਦੀ ਗਈ ਅਤੇ ਸਿਰਫ਼ ਪੰਜ ਦਿਨਾਂ ਦੇ ਅੰਦਰ ਔਰਤ ਦੀ ਮੌਤ ਹੋ ਗਈ।
ਔਰਤ ਦੀ ਕੋਰੋਨਾ ਰਿਪੋਰਟ ’ਤੇ ਮਾਹਰਾਂ ਨੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲਗਿਆ ਕਿ ਔਰਤ ਵਿਚ ਕੋਰੋਨਾ ਦਾ ਅਲਫ਼ਾ ਸਟ੍ਰੇਨ ਵੀ ਸੀ ਜੋ ਬ੍ਰਿਟੇਨ ਵਿਚ ਸੱਭ ਤੋਂ ਪਹਿਲਾਂ ਮਿਲਿਆ ਸੀ ਅਤੇ ਬੀਟਾ ਵੈਰੀਐਂਟ ਵੀ ਸੀ ਜੋ ਸੱਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿਚ ਪਾਇਆ ਗਿਆ ਸੀ। ਓ.ਐੱਲ.ਵੀ.ਹਸਪਤਾਲ ਵਿਚ ਮੌਲੀਕਿਊਲਰ ਬਾਇਓਲੌਜੀਸਟ ਅਤੇ ਰਿਸਰਚ ਟੀਮ ਦੀ ਹੈੱਡ ਏਨੀ ਵੇਂਕੀਰਬਰਗਨ ਮੁਤਾਬਕ ਉਸ ਸਮੇਂ ਬੈਲਜੀਅਮ ਵਿਚ ਇਹ ਦੋਵੇਂ ਵੈਰੀਐਂਟ ਫੈਲ ਰਹੇ ਸਨ ਅਜਿਹੇ ਵਿਚ ਸੰਭਵ ਹੈ ਕਿ ਔਰਤ ਨੂੰ ਦੋ ਵੱਖ-ਵੱਖ ਲੋਕਾਂ ਤੋ ਵੱਖ-ਵੱਖ ਵੈਰੀਐਂਟ ਮਿਲੇ ਹੋਣ।