ਲੰਦਨ : ਬਰਤਾਨੀਆ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨਣ ਦਾ ਹੁਕਮ ਜਾਰੀ ਕੀਤਾ ਹੈ। ਇਸ ਨਾਲ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਿਚ ਭਾਰਤੀ ਬੈਂਕਾਂ ਦੇ ਸਮੂਹ ਲਈ ਬੰਦ ਪਈ ਕਿੰਗਫ਼ਿਸ਼ਰ ਏਅਰਲਾਈਨ ਉਪਰ ਬਕਾਏ ਕਰਜ਼ੇ ਦੀ ਵਸੂਲੀ ਸਬੰਧੀ ਵਿਸ਼ਵ ਪੱਧਰ ’ਤੇ ਉਸ ਦੀਆਂ ਸੰਪਤੀਆਂ ਦੀ ਜ਼ਬਤੀ ਦੀ ਕਾਰਵਾਈ ਕਰਾਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਲੰਦਨ ਹਾਈ ਕੋਰਟ ਦੇ ਜੱਜ ਮਾਈਕਲ ਬਿ੍ਰਗਸ ਨੇ ਆਨਲਾਈਨ ਸੁਣਵਾਈ ਦੌਰਾਨ ਅਪਣੇ ਫ਼ੈਸਲੇ ਵਿਚ ਕਿਹਾ, ‘ਮੈਂ ਡਾ. ਮਾਲਿਆ ਨੂੰ ਦੀਵਾਲੀਆ ਐਲਾਨਦਾ ਹਾਂ।’ ਵਕੀਲ ਮਾਰਸੀਆ ਸ਼ੇਕਰਡੇਮੀਅਨ ਨੇ ਭਾਰਤੀ ਬੈਂਕਾਂ ਦੀ ਪ੍ਰਤੀਨਿਧਤਾ ਕੀਤੀ ਅਤੇ ਦੀਵਾਲੀਆਪਣ ਦੇ ਹੁਕਮ ਸਬੰਧੀ ਅਪਣੇ ਤਰਕ ਰੱਖੇ। ਕਾਰੋਬਾਰੀ 65 ਸਾਲਾ ਮਾਲਿਆ ਬਿ੍ਰਟੇਨ ਵਿਚ ਫ਼ਿਲਹਾਲ ਜ਼ਮਾਨਤ ’ਤੇ ਹੈ। ਅਜਿਹਾ ਸਮਝਿਆ ਜਾਂਦਾ ਹੈ ਕਿ ਹਵਾਲਗੀ ਕਵਾਇਦ ਨਾਲ ਜੁੜੇ ਵਖਰੇ ਮਾਮਲੇ ਵਿਚ ਦੇਸ਼ ਵਿਚ ਸ਼ਰਨ ਦੇਣ ਦੇ ਮੁੱਦੇ ’ਤੇ ਗੁਪਤ ਕਾਨੂੰਨੀ ਕਾਰਵਾਈ ਦਾ ਹੱਲ ਹੋਣ ਤਕ ਉਹ ਜ਼ਮਾਨਤ ’ਤੇ ਰਹਿ ਸਕਦੇ ਹਾਂ। ਉਸ ਦੇ ਵਕੀਲ ਫਿਲਿਪ ਮਾਰਸ਼ਲ ਨੇ ਮਾਮਲੇ ਨੂੰ ਅੱਗੇ ਪਾਉਣ ਦੇ ਨਾਲ-ਨਾਲ ਹੁਕਮ ਨੂੰ ਵੀ ਅੱਗੇ ਪਾਉਣ ਦੀ ਅਪੀਲ ਕੀਤੀ। ਹਾਲਾਂਕਿ ਜੱਜ ਨੇ ਇਹ ਅਪੀਲ ਠੁਕਰਾ ਦਿਤੀ। ਉਨ੍ਹਾਂ ਕਿਹਾ ਕਿ ਇਸ ਗੱਲ ਦੇ ਨਾਕਾਫ਼ੀ ਸਬੂਤ ਹਨ ਕਿ ਕਰਜ਼ਾ ਉਚਿਤ ਸਮੇਂ ਅੰਦਰ ਪੂਰੀ ਤਰ੍ਹਾਂ ਮੋੜ ਦਿਤਾ ਜਾਵੇਗਾ। ਉਨ੍ਹਾਂ ਦੀਵਾਲੀਆਪਣ ਦੇ ਹੁਕਮ ਵਿਰੁਧ ਅਪੀਲ ਕਰਲ ਦੀ ਆਗਿਆ ਮੰਗਣ ਵਾਲੀ ਅਰਜ਼ੀ ਵੀ ਦਿਤੀ ਜਿਸ ਨੂੰ ਜੱਜ ਨੇ ਅਸਵੀਕਾਰ ਕਰ ਦਿਤਾ।