ਦਿੱਲੀ : ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਇਤਿਹਾਸਕ ਕਿਸਾਨ ਅੰਦੋਲਨ ਨੇ ਅੱਜ ਤਮਾਮ ਮੁਸ਼ਕਲਾਂ ਉੱਤੇ ਫਤਿਹ ਹਾਸਲ ਕਰਦਿਆਂ ਅਹਿਮ ਜਿੱਤ ਦਾ ਅਹਿਮ ਪੜਾਅ ਹਾਸਲ ਕਰ ਲਿਆ ਹੈ। ਇਹ ਇਸ ਸਦੀ ਦਾ ਇਤਿਹਾਸਕ ਅੰਦੋਲਨ ਵੀ ਹੈ ਅਤੇ ਅੰਦੋਲਨ ਦੀ ਇਤਿਹਾਸਕ ਜਿੱਤ ਵੀ ਹੈ।
ਇਹ ਅੰਦੋਲਨ ਇਕੱਲੇ ਕਿਸਾਨਾਂ ਜਾਂ ਜਮੀਨਾਂ ਦੀ ਰਾਖੀ ਹੀ ਨਹੀਂ ਸੀ/ਹੈ, ਸਗੋਂ ਸਭ ਤੋਂ ਵੱਧ ਤਾਨਾਸ਼ਾਹ, ਹੰਕਾਰੀ, ਧੋਖੇਬਾਜ਼ ਮੋਦੀ ਹਕੂਮਤ ਵੱਲੋਂ ਸਮੁੱਚੇ ਪੇਂਡੂ ਸੱਭਿਆਚਾਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਨੀਤੀ ਦੇ ਖਿਲਾਫ਼ ਸੀ/ਹੈ। ਇਹਨਾਂ ਕਾਨੂੰਨਾਂ ਨੇ ਕਿਸਾਨਾਂ-ਮਜਦੂਰਾਂ ਸਮੇਤ ਹੋਰ ਬਹੁਤ ਸਾਰੇ ਤਬਕਿਆਂ ਦੇ ਉਜਾੜੇ ਅਤੇ ਬਰਬਾਦੀ ਦੀ ਨੀਂਹ ਰੱਖਣੀ ਸੀ।
ਇਸ ਇਤਿਹਾਸਕ ਜਿੱਤ ਵਿੱਚ ਕਿਸਾਨਾਂ-ਮਜਦੂਰਾਂ ਤੋਂ ਇਲਾਵਾ ਸਮੁੱਚੇ ਮਿਹਨਤਕਸ਼ ਤਬਕਿਆਂ, ਲੇਖਕਾਂ, ਕਲਾਕਾਰਾਂ, ਰੰਗਕਰਮੀਆਂ, ਬੁੱਧੀਜੀਵੀਆਂ, ਪੱਤਰਕਾਰਾਂ ਦਾ ਅਹਿਮ ਯੋਗਦਾਨ ਹੈ।
ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਕੱਲ੍ਹ 9 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਪਰੈੱਸ ਕਾਨਫਰੰਸ ਕਰਨ ਤੋਂ ਬਾਅਦ ਸਿੰਘੂ, ਟਿੱਕਰੀ ਅਤੇ ਗਾਜੀਪੁਰ ਤੋਂ ਇੱਕੋ ਸਮੇਂ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਕਰਕੇ ਫ਼ਤਿਹ ਮਾਰਚ ਕਰਕੇ ਜੁਝਾਰੂ ਕਿਸਾਨ ਕਾਫਲੇ ਘਰਾਂ ਵੱਲ ਕੂਚ ਕਰ ਜਾਣਗੇ।
ਜਥੇਬੰਦੀ ਦੀ ਕੋਸ਼ਿਸ਼ ਹੈ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਾਫਲੇ ਸਾਂਝੇ ਤੌਰ ਤੇ ਘਰ ਵਾਪਸੀ ਕਰਨ। ਕਾਫਲੇ ਪੰਜਾਬ ਵਿੱਚ ਵੱਖੋ ਵੱਖ ਹਰਿਆਣਾ ਨਾਲ ਲਗਦੀਆਂ ਹੱਦਾਂ ਰਾਹੀਂ ਦਾਖਲ ਹੋਣਗੇੇ।
ਬੂਟਾ ਸਿੰਘ ਬੁਰਜ ਗਿੱਲ ਨੇ ਸਮੂਹ ਪੰਜਾਬੀਆਂ ਨੂੰ ਇੱਕਜੁੱਟਤਾ ਦਾ ਸਬੂਤ ਦਿੰਦਿਆਂ ਕਿਸਾਨ ਕਾਫਲਿਆਂ ਦਾ ਪੂਰੇ ਸ਼ਾਨੋ-ਸ਼ੌਕਤ ਨਾਲ ਸਵਾਗਤ ਕਰਨ ਦੀ ਅਪੀਲ ਕੀਤੀ।