ਪਟਿਆਲਾ : ਪੰਜਾਬੀ ਯੂਨੀਵਰਸਿਟੀ ਮਾਂ ਬੋਲੀ ਅਤੇ ਵਿਗਿਆਨ ਦੇ ਹਵਾਲੇ ਨਾਲ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿੱਚ ਅੱਜ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਮੌਕੇ 'ਗਿਆਨੀ ਲਾਲ ਸਿੰਘ ਯਾਦਗਾਰੀ ਲੈਕਚਰ ਲੜੀ' ਅਧੀਨ ਉੱਘੇ ਨਾਟਕਕਾਰ ਅਤੇ ਕਵੀ ਡਾ. ਸਵਰਾਜਬੀਰ ਨੇ 'ਪੰਜਾਬੀ ਭਾਸ਼ਾ ਦੀ ਸਮੱਸਿਆ ਨੂੰ ਸਮਝਣ ਬਾਰੇ ਕੁਝ ਨੁਕਤੇ' ਵਿਸ਼ੇ ਉੱਤੇ ਇੱਕ ਵਿਸ਼ੇਸ਼ ਲੈਕਚਰ ਦਿੱਤਾ।
ਦੇਸ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਮਨਾਏ ਜਾ ਰਹੇ ਇਸ ਪੰਦਰਵਾੜੇ ਦੌਰਾਨ ਯੂਨੀਵਰਸਿਟੀ ਵੱਲੋਂ ਆਪਣੇ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਵਿੱਚ 75 ਪ੍ਰੋਗਰਾਮ ਕਰਵਾਏ ਜਾਣ ਦਾ ਪ੍ਰੋਗਰਾਮਾ ਉਲੀਕਿਆ ਹੋਇਆ ਹੈ।
ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਉੱਤੇ ਹੋਏ ਅੱਜ ਦੇ ਪ੍ਰੋਗਰਾਮ ਵਿੱਚ ਬੋਲਦਿਆਂ ਡਾ. ਸਵਰਾਜਬੀਰ ਨੇ ਪੰਜਾਬੀ ਭਾਸ਼ਾ ਦੀ ਲੰਮੀ ਅਮੀਰ ਵਿਰਾਸਤ ਦੀ ਵਿਆਖਿਆ ਕਰਦੇ ਹੋਏ ਇਸ ਗੱਲ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਕਿਸੇ ਕੌਮ ਦੀ ਸੱਭਿਆਚਾਰਕ ਵਿਰਾਸਤ ਗਿਆਨ, ਵਿਗਿਆਨ ਅਤੇ ਜੀਵਨ ਦ੍ਰਿਸ਼ਟੀ ਉਸ ਕੌਮ ਦੀ ਭਾਸ਼ਾ ਵਿੱਚ ਸਮੋਈ ਹੁੰਦੀ ਹੈ। ਉਹਨਾਂ ਨੇ ਸਾਹਿਤਕਾਰਾਂ, ਵਿਦਵਾਨਾਂ, ਬੁੱਧੀਜੀਵੀਆਂ, ਸਮਾਜ ਸ਼ਾਸਤਰੀਆਂ ਅਤੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਨੂੰ ਹਰ ਪੱਖੋਂ ਸਮਰੱਥ ਬਣਾਉਣ ਤਾਂ ਕਿ ਉਹ ਸਮੇਂ ਦੀ ਹਾਣ ਦੀ ਹੋ ਸਕੇ।
ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬੀ ਭਾਸ਼ਾ ਨੂੰ ਤਕਨਾਲੋਜੀ ਨਾਲ ਜੋੜਦੇ ਹੋਏ ਡਾ' ਗੁਰਪ੍ਰੀਤ ਸਿੰਘ ਲਹਿਲ ਵੱਲੋਂ ਤਿਆਰ ਕੀਤੇ ਸਾਫ਼ਟਵੇਅਰ ‘ਅੱਖਰ 2021 (ਪੰਜਾਬੀ ਵਰਡ ਪ੍ਰੋਸੈਸਰ)’ ਦਾ ਉਦਘਾਟਨ ਕੀਤਾ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਚੱਲ ਰਹੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਹੁਣ ਸਾਫ਼ਟਵੇਅਰ ਦਾ 2021 ਵਾਲਾ ਨਵਾਂ ਰੂਪ ਰਿਲੀਜ਼ ਕੀਤਾ ਗਿਆ ਹੈ ਜਿਸ ਵਿੱਚ ਪਹਿਲਾਂ ਤੋਂ ਵਧੇਰੇ ਹੋਰ ਸੁਵਿਧਾਵਾਂ ਜੋੜੀਆਂ ਗਈਆਂ ਹਨ। ਪੰਜਾਬੀ ਯੂਨੀਵਰਸਿਟੀ ਦਾ ਇਹ ਸਾਫ਼ਟਵੇਅਰ ਪਹਿਲਾਂ ਹੀ ਚਰਚਿਤ ਰਹਿ ਚੁੱਕਾ ਹੈ। ਇਸ ਵਿੱਚ ਵਰਤੋਂਕਾਰਾਂ ਲਈ ਪੰਜਾਬੀ ਭਾਸ਼ਾ ਦੇ ਹਵਾਲੇ ਨਾਲ ਬਹੁਤ ਸਾਰੀਆਂ ਸੁਵਿਧਾਵਾਂ ਹਨ। ਵਰਨਣਯੋਗ ਹੈ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਕੰਪਿਊਟਰ ਜਾਂ ਡਿਜੀਟਲ ਪਲੇਟਫਾਰਮਾਂ ਉੱਤੇ ਕਰਦਿਆਂ ਵਰਤੋਂਕਾਰਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਤਰ੍ਹਾਂ ਪੰਜਾਬੀ ਦੇ ਬਹੁਤ ਸਾਰੇ ਫ਼ੌਂਟਸ ਵਿੱਚ ਟਾਈਪ ਕੀਤੀ ਸਮੱਗਰੀ ਅਜਿਹੇ ਪਲੇਟਫ਼ਾਰਮਾਂ ਉੱਤੇ ਪ੍ਰਦਰਸਿ਼ਤ ਨਹੀਂ ਸੀ ਹੁੰਦੀ। ਇਸ ਮਕਸਦ ਲਈ ਫੌਂਟ ਦੀ ਤਬਦੀਲੀ ਕਰ ਕੇ ਉਸ ਨੂੰ ਯੂਨੀਕੋਡ ਵਿੱਚ ਬਦਲਣਾ ਜ਼ਰੂਰੀ ਹੁੰਦਾ ਹੈ। ਇਹ ਸਾਫ਼ਟਵੇਅਰ ਅਜਿਹੀਆਂ ਬਹੁਤ ਸਾਰੀਆਂ ਵਿਹਾਰਕ ਕਿਸਮ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਕੇ ਪੰਜਾਬੀ ਦੀ ਵਰਤੋਂ ਨੂੰ ਸਰਲ ਬਣਾਉਂਦਾ ਹੈ।
ਇਸ ਮੌਕੇ ਇਸ ਸਾਫ਼ਟਵੇਅਰ ਵਿਚਲੀ ਇੱਕ ਬਹੁਤ ਹੀ ਨਵੀਂ ਕਿਸਮ ਦੀ ਸੁਵਿਧਾ ਜਿਸ ਦੀ ਵਰਤੋਂ ਕਰਦਿਆਂ ਕਿਸੇ ਵੀ ਟਾਈਪ ਹੋਈ ਸਮੱਗਰੀ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲਿਪੀਆਂਤਰਣ ਕਰਨ ਦੇ ਸਮਰੱਥ ਹੈ, ਦਾ ਇੱਕ ਵਿਸ਼ੇਸ਼ ਡੈਮੋ ਵੀ ਦਿੱਤਾ ਗਿਆ। ਇਸ ਡੈਮੋ ਵਿੱਚ ਭਾਈ ਵੀਰ ਸਿੰਘ ਦੀ ਇੱਕ ਕਵਿਤਾ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਤਬਦੀਲ ਕਰ ਕੇ ਵਿਖਾਇਆ ਗਿਆ।
ਇਸ ਸੰਬੰਧੀ ਟਿੱਪਣੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਬਣਾਉਣ ਵੱਲ ਇਹ ਸਾਡਾ ਇੱਕ ਹੋਰ ਕਦਮ ਹੈ। ਇਸ ਦੇ ਹਵਾਲੇ ਨਾਲ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਸੁਵਿਧਾ ਦੀ ਵਰਤੋਂ ਕਰਦਿਆਂ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਦੀ ਇੱਕ ਪੁਸਤਕ ਸ਼ਾਹਮੁਖੀ ਵਿੱਚ ਤਬਦੀਲ ਕਰ ਕੇ ਛਾਪੀ ਜਾਵੇਗੀ ਅਤੇ ਜੇਕਰ ਇਹ ਤਜਰਬਾ ਪੂਰੀ ਤਰ੍ਹਾਂ ਸਫਲ ਰਹਿੰਦਾ ਹੈ ਤਾਂ ਅਸੀਂ ਪੰਜਾਬੀ ਭਾਸ਼ਾ ਦੀਆਂ 100 ਪੁਸਤਕਾਂ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਤਬਦੀਲ ਕਰ ਕੇ ਪ੍ਰਕਾਸਿ਼ਤ ਕਰਵਾਉਣ ਦਾ ਪ੍ਰਾਜੈਕਟ ਉਲੀਕਾਂਗੇ।
ਇਸ ਪ੍ਰੋਗਰਾਮ ਵਿੱਚ ਗਿਆਨੀ ਲਾਲ ਸਿੰਘ ਜੀ ਦੇ ਪਰਿਵਾਰ ਵਿੱਚੋਂ ਸ਼ਾਮਲ ਹੋਏ ਉਹਨਾਂ ਦੇ ਪੁੱਤਰ ਸ੍ਰ. ਨਰਿੰਦਰ ਸਿੰਘ ਬਰਾੜ ਨੇ ਆਪਣੇ ਪਿਤਾ ਗਿਆਨੀ ਲਾਲ ਸਿੰਘ ਜੀ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫ਼ੁਲਤਾ ਲਈ ਕੀਤੇ ਗਏ ਉਪਰਾਲਿਆਂ ਬਾਰੇ ਚਾਨਣਾ ਪਾਇਆ ਗਿਆ।
ਇਸ ਪ੍ਰੋਗਰਾਮ ਉਪਰੰਤ ਪੰਜਾਬੀ ਬੋਲੀ ਅਤੇ ਵਿਗਿਆਨ ਦੇ ਪ੍ਰਸੰਗ ਵਿੱਚ ਮਨਾਏ ਜਾ ਰਹੇ ਵਿਸ਼ੇਸ਼ ਪੰਦਰਵਾੜੇ ਦੇ ਸੰਬੰਧ ਵਿੱਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ ਜਿਸ ਦਾ ਸੰਚਾਲਨ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦਲਜੀਤ ਅਮੀ ਵੱਲੋਂ ਕੀਤਾ ਗਿਆ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਬਾਇਟੈਕਨੌਲਜੀ ਵਿਭਾਗ ਦੇ ਮੁਖੀ ਡਾ. ਬਲਵਿੰਦਰ ਸਿੰਘ ਸੂਚ ਅਤੇ ਮਕੈਨੀਕਲ ਇੰਜਨੀਅਰ ਤੋਂ ਡਾ. ਗੁਰਪ੍ਰੀਤ ਸਿੰਘ ਵੱਲੋਂ ਇਸ ਪੰਦਰਵਾੜੇ ਦੌਰਾਨ ਸ਼ੁਰੂ ਹੋ ਰਹੇ ਵਿਗਿਆਨ ਹਫ਼ਤੇ ਦੇ ਪ੍ਰੋਗਰਾਮਾਂ ਦੇ ਵੇਰਵੇ ਸਾਂਝੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਮੁੱਚੇ ਭਾਰਤ ਵਿੱਚ ਸਿਰਫ਼ 75 ਥਾਵਾਂ ਉੱਪਰ ਇਹ ਸਮਾਗਮ 19 ਭਾਸ਼ਾਵਾਂ ਵਿੱਚ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਇੱਕ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ-ਵੱਖ ਭਾਂਤ ਦੀਆਂ ਸਰਗਮਰੀਆਂ ਹੋਣਗੀਆਂ। ਹਰ ਰੋਜ਼ ਕਿਸੇ ਕੌਮਾਂਤਰੀ ਪੱਧਰ ਦੇ ਵਿਗਿਆਨੀ ਵੱਲੋਂ ਭਾਸ਼ਣ ਦਿੱਤਾ ਜਾਵੇਗਾ ਜਿਨ੍ਹਾਂ ਵਿਚੋਂ 50 ਫ਼ੀਸਦੀ ਦੇ ਕਰੀਬ ਭਾਸ਼ਣ ਪੰਜਾਬੀ ਵਿੱਚ ਹੀ ਹੋਣਗੇ। ਵਿਗਿਆਨਕ ਸੂਝ ਪੈਦਾ ਕਰਨ ਵਾਲੀਆਂ 75 ਫਿ਼ਲਮਾਂ ਪ੍ਰਦਰਸਿ਼ਤ ਕੀਤੀਆਂ ਜਾਣਗੀਆਂ। ਵਿਸ਼ੇ ਨਾਲ ਸੰਬੰਧਤ 75 ਪੋਸਟਰਾਂ ਅਤੇ 75 ਕਾਢਾਂ ਬਾਰੇ ਵਿਸ਼ੇਸ਼ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਨਾਟਕ ਅਤੇ ਸਕਿੱਟ ਆਦਿ ਹੋਣਗੇ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇੱਕ ਦਿਨ ਵਿਸ਼ੇਸ਼ ਤੌਰ ਉੱਤੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਸਿ਼ਰਕਤ ਕਰਨ ਲਈ ਸਮੁੱਚੇ ਪੰਜਾਬ ਭਰ ਵਿੱਚੋਂ ਵੱਡੇ ਪੱਧਰ ਉੱਤੇ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ। ਬਾਹਰ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਰਹਿਣ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਇਸ ਮੌਕੇ ਫ਼ਾਈਨ ਆਰਟਸ ਨਾਲ ਸੰਬੰਧਤ ਪੋਸਟਰ ਸਿਰਜਣਾ ਮੁਕਾਬਲੇ ਅਤੇ ਚਿੱਤਰਕਲਾ ਮੁਕਾਬਲੇ ਵੀ ਕਰਵਾਏ ਗਏ।
ਇਸ ਤੋਂ ਇਲਾਵਾ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਵੀ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਭਾਸ਼ਾਈ ਪਿਛੋਕੜਾਂ ਜਿਸ ਵਿਚ ਮਾਝੀ, ਮਲਵਈ, ਪੁਆਧੀ, ਦੁਆਬੀ, ਅਵਧੀ, ਬਜਿਕਾ, ਬਾਂਗਰੂ, ਡੋਗਰੀ, ਇਥੋਪੀਆ ਦੀ ਅਮਹਾਰਿਕ ਭਾਸ਼ਾ ਆਦਿ ਨਾਲ ਸੰਬੰਧਤ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸੱਭਿਆਚਾਰਕ ਗਤੀਵਿਧੀਆਂ ਲੋਕ ਨਾਚ, ਲੋਕ ਗੀਤ, ਬੁਝਾਰਤਾਂ,ਕਵਿਤਾਵਾਂ ਅਤੇ ਪੋਸਟਰ ਪੇਸ਼ਕਾਰੀਆਂ ਰਾਹੀਂ ਆਪਣੇ ਸੱਭਿਆਚਾਰਕ ਵਿਰਸੇ ਨੂੰ ਪੇਸ਼ ਕੀਤਾ।