ਹਾਜ਼ਰੀਨ ਵੱਲੋਂ ਮਾਂ ਬੋਲੀ ਪੰਜਾਬੀ ਪ੍ਰਤੀ ਅਹਿਦ ਵੀ ਲਿਆ ਗਿਆ
ਬਰਨਾਲਾ : ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਥਾਨਕ ਐੱਸ.ਐੱਸ.ਡੀ ਕਾਲਜ ‘ਚ ਰੱਖੇ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ ਸਮੂਹ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਪੰਜਾਬੀ ਕਵੀ ਦਰਬਾਰ ਕਰਵਾ ਕੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ।
ਇਸ ਮੌਕੇ ਸ਼੍ਰੀ ਸੁਖਵਿੰਦਰ ਸਿੰਘ ਗੁਰਮ ਜ਼ਿਲ਼੍ਹਾ ਭਾਸ਼ਾ ਅਫਸਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਖੋਜ਼ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਫਰਵਰੀ ਦਾ ਦਿਨ ਸਮੁੱਚੇ ਵਿਸ਼ਵ ‘ਚ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਕਰਵਾਏ ਸਮਾਗਮ ‘ਚ ਪੰਜਾਬੀ ਦੇ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸੀਨੀਅਰ ਪੱਤਰਕਾਰ ਜਗੀਰ ਸਿੰਘ ਜਗਤਾਰ, ਡਾ.ਜੋਗਿੰਦਰ ਸਿੰਘ ਨਿਰਾਲਾ, ਪਰਗਟ ਸਿੰਘ ਸਿੱਧੂ, ਕੰਵਰਜੀਤ ਸਿੰਘ ਭੱਠਲ, ਤੇਜਾ ਸਿੰਘ ਤਿਲਕ, ਪਰਮਜੀਤ ਸਿੰਘ ਮਾਨ, ਭੋਲਾ ਸਿੰਘ ਸੰਘੇੜਾ ਅਤੇ ਐੱਸ.ਐੱਸ.ਡੀ ਕਾਲਜ ਦੇ ਪਿ੍ਰੰਸੀਪਲ ਲਾਲ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਵਿਭਾਗੀ ਧੁਨ ਨਾਲ ਸ਼ੁਰੂ ਹੋਏ ਸਮਾਗਮ ‘ਚ ਸਭ ਤੋਂ ਪਹਿਲਾਂ ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਪਿਛੋਕੜ ਅਤੇ ਇਸ ਨੂੰ ਮਨਾਉਣ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਗਿਆ। ਉਪਰੰਤ ਸਮੂਹ ਹਾਜ਼ਰੀਨ ਵਲੋਂ ਪੰਜਾਬੀ ਮਾਂ ਬੋਲੀ ਦੀ ਵਰਤੋਂ ਅਤੇ ਇਸਦੇ ਪ੍ਰਚਾਰ ਪ੍ਰਸਾਰ ਲਈ ਅਹਿਦ ਲਿਆ ਗਿਆ। ਸਮਾਗਮ ਦੇ ਅਗਲੇ ਦੌਰ ‘ਚ ਹੋਏ ਕਵੀ ਦਰਬਾਰ ‘ਚ ਡਾ.ਅਮਨਦੀਪ ਸਿੰਘ ਟੱਲੇਵਾਲੀਆ, ਰਾਮ ਸਰੂਪ ਸ਼ਰਮਾ, ਸੁਖਵਿੰਦਰ ਸਨੇਹ, ਜਗਜੀਤ ਕੌਰ ਢਿੱਲਵਾਂ, ਸੁਰਿੰਦਰ ਭੱਠਲ, ਡਾ. ਭੁਪਿੰਦਰ ਸਿੰਘ ਬੇਦੀ, ਦਰਸ਼ਨ ਸਿੰਘ ਗੁਰੂ, ਤਰਸੇਮ ਸ਼ਾਇਰ, ਤੇਜਿੰਦਰ ਚੰਡਿਹੋਕ, ਮਾਲਵਿੰਦਰ ਸ਼ਾਇਰ, ਹਰਦੀਪ ਬਾਵਾ, ਰਜਨੀਸ਼ ਕੌਰ ਬਬਲੀ, ਸਾਗਰ ਸਿੰਘ ਸਾਗਰ, ਗੁਰਪਾਲ ਸਿੰਘ ਬਿਲਾਵਲ, ਰਜਿੰਦਰ ਸ਼ੌਕੀਂ, ਸੁਖਵਿੰਦਰ ਸਿੰਘ ਢਿੱਲਵਾਂ, ਮਲਕੀਤ ਸਿੰਘ ਗਿੱਲ ਅਤੇ ਮੇਜਰ ਸਿੰਘ ਰਾਜਗੜ੍ਹ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਆਪਣੀਆਂ ਕਵਿਤਾਵਾਂ ਸਰੋਤਿਆਂ ਦੇ ਰੂਬਰੂ ਕੀਤੀਆਂ ਗਈਆਂ।
ਮੁੱਖ ਮਹਿਮਾਨ ਵਜੋਂ ਸਮਾਗਮ ‘ਚ ਪਹੁੰਚੇ ਓਮ ਪ੍ਰਕਾਸ਼ ਗਾਸੋ ਨੇ ਹਾਜ਼ਰੀਨ ਦੇ ਰੂਬਰੂ ਹੁੰਦਿਆਂ ਪੰਜਾਬੀ ਮਾਂ ਬੋਲੀ ਪੰਜਾਬੀ ਦੀ ਉਤਪਤੀ ਤੋਂ ਲੈ ਕੇ ਇਸਦੇ ਵਿਕਾਸ ਅਤੇ ਮੌਜ਼ੂਦਾ ਸਮੇਂ ‘ਚ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰ ‘ਚ ਚਰਚਾ ਕੀਤੀ। ਗਾਸੋ ਨੇ ਪੰਜਾਬੀ ਬੋਲੀ ਦੀ ਭਾਸ਼ਾਈ ਅਮੀਰੀ ਬਾਰੇ ਗੱਲ ਕਰਦਿਆਂ ਸਮੂਹ ਹਾਜ਼ਰੀਨ ਨੂੰ ਪੰਜਾਬੀ ਭਾਸ਼ਾ ਦੇ ਇਸਤੇਮਾਲ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਵਿਭਾਗੀ ਰਸਾਲਿਆਂ ਦੀ ਮੈਂਬਰਸ਼ਿਪ ਵੀ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੋਜ਼ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਆਰੀ ਸਾਹਿਤ ਦੀਆਂ ਪੁਸਤਕਾਂ ਬਹੁਤ ਹੀ ਘੱਟ ਰੇਟਾਂ ‘ਤੇ ਪਾਠਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਵਿਭਾਗ ਵੱਲੋਂ ਰਸਾਲੇ ਵੀ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਸਮਾਗਮ ‘ਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੀਆਂ ਸਖਸ਼ੀਅਤਾਂ ਅਤੇ ਕਵੀ ਦਰਬਾਰ ‘ਚ ਸ਼ਮੂਲੀਅਤ ਕਰਨ ਵਾਲੇ ਕਵੀਆਂ ਦਾ ਭਾਸ਼ਾ ਵਿਭਾਗ ਵੱਲੋਂ ਟਰਾਫੀਆਂ ਦੇ ਕੇ ਸਨਮਾਨ ਵੀ ਕੀਤਾ ਗਿਆ। ਸਮਾਗਮ ‘ਚ ਜਗਸੀਰ ਸਿੰਘ ਸੰਧੂ, ਅਸ਼ੋਕ ਭਾਰਤੀ ਅਤੇ ਨਿਰਮਲ ਸਿੰਘ ਕਾਹਲੋਂ ਸਮੇਤ ਐੱਸ.ਐੱਸ.ਡੀ ਕਾਲਜ ਦੇ ਪ੍ਰੋਫੈਸਰਾਂ ਉਪਕਾਰ ਸਿੰਘ, ਪਰਵਿੰਦਰ ਕੌਰ, ਕਰਮਜੀਤ ਕੌਰ, ਬੀਰਪਾਲ ਕੌਰ, ਅਮਨਦੀਪ ਕੌਰ, ਪੁਸ਼ਪਿੰਦਰ ਸਿੰਘ ੳੱਪਲ, ਸੁਨੀਤਾ ਗੋਇਲ ਅਤੇ ਡਾ. ਬਿਕਰਮਜੀਤ ਸਿੰਘ ਪੁਰਬਾ ਸਮੇਤ ਵਿਦਿਅਰਥੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ।