ਆਮ ਆਦਮੀ ਪਾਰਟੀ (ਆਪ) ਵਲੋਂ ਇਲਾਕੇ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਖਿਲਾਫ਼ ਸਰਕਾਰ ਅਤੇ ਪੁਲੀਸ ਦੀ ਕਾਰਗੁਜ਼ਾਰੀ ਖਿਲਾਫ਼ ਸ਼ੁਰੂ ਕੀਤੇ ਅੰਦੋਲਨ ਤਹਿਤ ਪਾਰਟੀ ਦਾ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਸਾਹਮਣੇ ਸ਼ੁਰੂ ਕੀਤਾ ਲਗਾਤਾਰ ਧਰਨਾ ਐਤਵਾਰ ਦੀ ਛੁੱਟੀ ਹੋਣ ’ਤੇ ਵੀ ਜਾਰੀ ਰਿਹਾ ਜਿਹੜਾ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ|
ਪਾਰਟੀ ਦੇ ਮਾਝਾ ਜੋਨ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਇਸ ਅੰਦੋਲਨ ਵਿੱਚ ਸ਼ਾਮਲ ਪਾਰਟੀ ਵਲੰਟੀਅਰਾਂ ਨੂੰ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਪਾਰਟੀ ਵਲੋਂ ਉਠਾਏ ਜਾ ਰਹੇ ਮੁੱਦਿਆਂ ਦਾ ਨਿਪਟਾਰਾ ਕਰਨ ਲਈ ਸਰਕਾਰ ਦੇ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਈ ਚਾਰਾਜੋਈ ਨਾ ਕਰਨ ਦੀ ਨਿਖੇਧੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਰਾਤ-ਦਿਨ ਧਰਨਾ ਦੇ ਰਹੇ ਕਿਸੇ ਵਾਲੰਟੀਅਰ ਦੇ ਕਰੋਨਾ ਮਹਾਕਾਰੀ ਦੀ ਲਪੇਟ ਵਿੱਚ ਆ ਜਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁ਼ਦ ਜ਼ਿੰਮੇਵਾਰ ਹੋਣਗੇ| ਉਨ੍ਹਾਂ ਇਸ ਅਗਸਤ ਮਹੀਨੇ ਦੇ ਸ਼ੁਰੂ ਵਿੱਚ ਇਲਾਕੇ ਦੇ ਪਿੰਡ ਪੰਡੋਰੀ ਗੋਲਾਂ ਦੇ 11 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਜਾਣ ਦੇ ਕੁੱਝ ਦਿਨਾਂ ਬਾਅਦ ਫਿਰ ਇਸੇ ਹੀ ਬੁਰਾਈ ਨਾਲ ਦੋ ਹੋਰ ਜਣਿਆਂ ਦੀ ਮੌਤ ਹੋ ਜਾਣ ਲਈ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਪੂਰੀ ਤਰ੍ਹਾਂ ਨਾਲ ਕਸੂਰਵਾਰ ਠਹਿਰਾਇਆ| ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਸ ਗੈਰ-ਕਾਨੂੰਨੀ ਧੰਦੇ ਨੂੰ ਹਾਕਮ ਧਿਰ ਅਤੇ ਪੁਲੀਸ ਦੀ ਸਰਪਰਸਤੀ ਹਾਸਲ ਹੈ|
ਧਰਨਾਕਾਰੀਆਂ ਨੂੰ ਹੋਰਨਾਂ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ (ਮਹਿਲ ਕਲਾਂ), ਪਾਰਟੀ ਆਗੂ ਮਨਜਿੰਦਰ ਸਿੰਘ ਲਾਲਪੁਰਾ, ਜਸਬੀਰ ਸਿੰਘ ਸੁਰਸਿੰਘ, ਡਾ. ਕਸ਼ਮੀਰ ਸਿੰਘ ਸੋਹਲ, ਰਣਜੀਤ ਸਿੰਘ ਚੀਮਾ, ਲਾਲਜੀਤ ਸਿੰਘ ਭੁੱਲਰ, ਦਲਬੀਰ ਸਿੰਘ ਟੋਂਗ, ਹਰਭਜਨ ਸਿੰਘ ਈਟੀਓ, ਬਲਜੀਤ ਸਿੰਘ ਖਹਿਰਾ, ਮਾਸਟਰ ਸ਼ਿੰਗਾਰਾ ਸਿੰਘ , ਬਲਦੇਵ ਸਿੰਘ ਪੰਨੂੰ ਨੇ ਵੀ ਸੰਬੋਧਨ ਕੀਤਾ| ਬੁਲਾਰਿਆਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਲੋਕਾਂ ਦੇ ਕਤਲਾਂ ਲਈ ਇਸ ਧੰਦੇ ਦੇ ਕਾਰੋਬਾਰੀਆਂ ਖਿਲਾਫ਼ ਦਫ਼ਾ 302 ਦੇ ਮਾਮਲੇ ਦਰਜ ਕੀਤੇ ਜਾਣ, ਧਰਨਾ ਸਥਾਨ’ਤੇ ਆ ਕੇ ਐੱਸਐੱਸਪੀ ਵਲੋਂ ਮੰਗ ਪੱਤਰ ਲੈਣ ਆਦਿ ਦੀ ਵੀ ਮੰਗ ਕੀਤੀ|