ਪੰਜਾਬੀ ਗਾਇਕ ਕਰਨ ਔਜਲਾ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਕਰਨ ਔਜਲਾ ਨੇ ਦਿਲਜੀਤ ਦੋਸਾਂਝ, ਬਾਦਸ਼ਾਹ, ਏ. ਪੀ. ਢਿੱਲੋਂ ਵਰਗੇ ਕਲਾਕਾਰਾਂ ਨੂੰ ਪਛਾੜ ਇਹ ਰਿਕਾਰਡ ਬਣਾਇਆ ਹੈ।
ਦਰਅਸਲ, ਕਰਨ ਔਜਲਾ ਨੂੰ ਇੰਸਟਾਗ੍ਰਾਮ 'ਤੇ ਐਪਲ ਮਿਊਜ਼ਿਕ ਦੇ ਅਧਿਕਾਰਤ ਹੈਂਡਲ ਦੁਆਰਾ ਫਾਲੋ ਕੀਤੇ ਜਾਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਐਪਲ ਮਿਊਜ਼ਿਕ ਇੰਸਟਾਗ੍ਰਾਮ ਅਕਾਊਂਟ ਨੇ ਗਾਇਕ ਕਰਨ ਔਜਲਾ ਦੀ ਐਲਬਮ ਮੇਕਿੰਗ ਮੈਮੋਰੀਜ਼ ਦੀ ਰਿਲੀਜ਼ਿੰਗ ਤੋਂ ਠੀਕ ਹਫ਼ਤਾ ਪਹਿਲਾਂ ਫਾਲੋ ਕੀਤਾ ਹੈ।
ਦੱਸ ਦਈਏ ਕਿ ਹਾਲ ਹੀ 'ਚ ਕਰਨ ਔਜਲਾ ਦਾ ਨਵਾਂ ਗੀਤ 'ਐਡਮਾਇਰਿੰਗ ਯੂ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਬੀਤੇ ਦਿਨੀਂ ਕਰਨ ਔਜਲਾ ਦੀ ਡਾਕਿਊਮੈਂਟਰੀ ਬਣਾਉਣ ਦਾ ਐਲਾਨ ਹੋਇਆ ਸੀ, ਜਿਸ ਨਾਲ ਉਨ੍ਹਾਂ ਦੇ ਫੈਨਜ਼ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਡਾਕਿਊਮੈਂਟਰੀ 'ਚ ਕਰਨ ਔਜਲਾ ਦੇ ਫੈਨਜ਼ ਵੀ ਨਜ਼ਰ ਆਉਣਗੇ ਪਰ ਇਹ ਮੌਕਾ ਸਿਰਫ਼ ਉਨ੍ਹਾਂ ਦੇ ਖ਼ਾਸ ਫੈਨਜ਼ ਨੂੰ ਹੀ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ 'ਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ।