ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਮੌਜੂਦ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਲੁੱਟਣ ਪੁੱਜੇ ਚਾਰ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੂੰ ਮਕਸਦ ਵਿਚ ਕਾਮਯਾਬ ਹੋਣ ਕਰਕੇ ਫਰਾਰ ਹੋਣਾ ਪਿਆ। ਇਸ ਘਟਨਾ ਦੌਰਾਨ ਪੰਜਾਬ ਪੁਲਸ ਦੇ ਮੁਲਾਜ਼ਮਾਂ ਵੱਲੋਂ ਬਹਾਦਰੀ ਨਾਲ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਮੁਲਜ਼ਮਾਂ ਵੱਲੋਂ ਗੋਲ਼ੀਆਂ ਚਲਾਉਂਦੇ ਹੋਏ ਉਸ ਪੁਲਸ ਮੁਲਾਜ਼ਮ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜ਼ਿਲ੍ਹੇ ਵਿਚ ਹਾਈ ਅਲਰਟ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਦੋ ਮੋਟਰਸਾਈਕਲਾਂ ਉੱਪਰ ਸਵਾਰ ਹਥਿਆਰ ਬੰਦ ਨਕਾਬਪੋਸ਼ ਲੁਟੇਰਿਆਂ ਵੱਲੋਂ ਅੱਜ ਕਰੀਬ ਸਾਡੇ 12: 30 ਵਜੇ ਲੁੱਟਣ ਲਈ ਨਿਸ਼ਾਨਾ ਬਣਾਇਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਤਿੰਨ ਲੁਟੇਰੇ ਬੈਂਕ ਅੰਦਰ ਦਾਖਲ ਹੋ ਗਏ ਜਦਕਿ ਇਕ ਬਾਹਰ ਇੰਤਜ਼ਾਰ ਕਰ ਰਿਹਾ ਸੀ ਜਿਨ੍ਹਾਂ ਕੋਲ ਪਿਸਤੌਲ ਸਨ। ਇਸ ਦੌਰਾਨ ਆਪਣੀ ਡਿਊਟੀ ਲਈ ਰੋਜ਼ਾਨਾ ਦੀ ਤਰ੍ਹਾਂ ਬੈਂਕ ਵਿਚ ਪੁੱਜੇ ਪੀ. ਸੀ. ਆਰ. ਮੋਟਰਸਾਈਕਲ ਕਰਮਚਾਰੀ ਬਲਵਿੰਦਰ ਸਿੰਘ ਅਤੇ ਉਸ ਦੇ ਸਾਥੀ ਕਰਮਚਾਰੀ ਵੱਲੋਂ ਸ਼ੱਕ ਦੇ ਅਧਾਰ ਉੱਪਰ ਮੁਲਜ਼ਮਾਂ ਦੀ ਪੁੱਛਗਿੱਛ ਸ਼ੁਰੂ ਕੀਤੀ ਗਈ।
ਇਸ ਤੋਂ ਬਾਅਦ ਮੁਲਜ਼ਮਾਂ ਨੇ ਪੁਲਸ ਕਰਮਚਾਰੀ ਨਾਲ ਹੱਥੋਪਾਈ ਹੁੰਦੇ ਹੋਏ ਗੋਲ਼ੀਆਂ ਚਲਾ ਦਿੱਤੀਆਂ। ਜਿਸ ਦੌਰਾਨ ਬਲਵਿੰਦਰ ਸਿੰਘ ਦੇ ਗੋਲ਼ੀ ਲੱਗ ਗਈ ਅਤੇ ਉਹ ਗੰਭੀਰ ਜਖ਼ਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।