ਪਟਿਆਲਾ (ਦਲਜਿੰਦਰ ਸਿੰਘ) : ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੈ ਸਿੰਘ ਵੱਲੋਂ ਬਲਾਕ ਪਟਿਆਲਾ ਦੇ ਪਿੰਡ ਫ਼ਤਿਹਪੁਰ, ਇੰਦਰਪੁਰਾ, ਅਬਲੋਵਾਲ, ਫਰੀਦਪੁਰ ਅਤੇ ਪਹਾੜਪੁਰ ਵਿਖੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦੌਰਾ ਕੀਤਾ ਗਿਆ।
ਇਸ ਦੌਰੇ ਦੌਰਾਨ ਉਹਨਾਂ ਕਿਸਾਨ ਜਗਰੂਪ ਸਿੰਘ ਪਿੰਡ ਇੰਦਰਪੁਰਾ ਅਤੇ ਜਗਮੇਲ ਸਿੰਘ ਪਿੰਡ ਫਰੀਦਪੁਰ ਨੂੰ ਜੋ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਨੂੰ ਖੇਤਾਂ ਵਿਚ ਜਾ ਕੇ ਸਨਮਾਨਿਤ ਕੀਤਾ ਅਤੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਚੈਟਬੋਟ (73800-16070) ਰਾਹੀਂ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਜਾਂ ਗੱਠਾ ਬਣਾਉਣ ਲਈ ਮਸ਼ੀਨਰੀ ਦੀ ਮੰਗ ਕਰਨ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਪ੍ਰਬੰਧਨ ਲਈ ਇੰਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਅਪਣਾਉਣ।
ਇਸ ਦੌਰੇ ਦੌਰਾਨ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਮਾਨ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਜੈਪਾਲ ਸਿੰਘ ਬਰਾੜ ਨੇ ਜਿਨ੍ਹਾਂ ਖੇਤਾਂ ਵਿਚ ਕੰਬਾਈਨਾਂ ਚੱਲ ਰਹੀਆਂ ਸਨ, ਉਹਨਾਂ ਕਿਸਾਨਾਂ ਨੂੰ ਗੱਠਾਂ ਬਣਾਉਣ ਜਾਂ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਵਾਲੇ ਕਿਸਾਨਾਂ ਤੋਂ ਸੇਧ ਲੈਂਦੇ ਹੋਏ ਅਜਿਹਾ ਉਪਰਾਲੇ ਆਪਣੇ ਖੇਤਾਂ ਵਿਚ ਕਰਨ ਦੀ ਅਪੀਲ ਕੀਤੀ ਅਤੇ ਕਿਸਾਨਾਂ ਨੂੰ ਕਣਕ ਦੇ ਬੀਜ ਉੱਪਰ ਮਿਲਣ ਵਾਲੀ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਅਤੇ ਕਣਕ ਦੀ ਬਿਜਾਈ 25 ਅਕਤੂਬਰ, 2023 ਤੋਂ ਹੀ ਸ਼ੁਰੂ ਕਰਨ ਬਾਰੇ ਦੱਸਿਆ।