ਸੁਨਾਮ, (ਦਰਸ਼ਨ ਸਿੰਘ ਚੌਹਾਨ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਕਾਰਗਿਲ ਵਿੱਚ ਡਿਊਟੀ ਨਿਭਾਅ ਰਹੇ ਪਿੰਡ ਛਾਜਲੀ ਦੇ ਜੰਮਪਲ ਫ਼ੌਜ ਦੇ ਜਵਾਨ ਸ਼ਹੀਦ ਪਰਵਿੰਦਰ ਸਿੰਘ ਦੀ ਹੋਈ ਮੌਤ ਤੇ ਛਾਜਲੀ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਭਾਜਪਾ ਆਗੂਆਂ ਅਰਵਿੰਦ ਖੰਨਾ ਅਤੇ ਦਾਮਨ ਬਾਜਵਾ ਨੇ ਕਿਹਾ ਕਿ ਪਰਿਵਾਰ ਲਈ ਨੌਜਵਾਨ ਪੁੱਤ ਦਾ ਭਰ ਜਵਾਨੀ ਵਿੱਚ ਸੰਸਾਰ ਤੋਂ ਚਲੇ ਜਾਣਾ ਨਾਸਹਿਣਯੋਗ ਹੈ ਲੇਕਿਨ ਮੁਲਕ ਦੀ ਰਾਖੀ ਲਈ ਸਰਹੱਦਾਂ ਤੇ ਡਿਊਟੀ ਨਿਭਾਉਂਦਿਆਂ ਸ਼ਹੀਦ ਹੋਣਾ ਗੌਰਵਮਈ ਵਿਰਸੇ ਦੀ ਯਾਦ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵੱਲੋਂ ਦੇਸ਼ ਦੀ ਵੰਡ ਤੋਂ ਲੈਕੇ ਨਿਭਾਈਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਉਨ੍ਹਾਂ ਕਿਹਾ ਕਿ ਸ਼ਹੀਦ ਪਰਵਿੰਦਰ ਸਿੰਘ ਦੀ ਦੇਸ਼ ਭਗਤੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜੋ ਵੀ ਸੰਭਵ ਹੋ ਸਕਿਆ ਉਹ ਬੜੀ ਸੁਹਿਰਦਤਾ ਨਾਲ ਕੀਤਾ ਜਾਵੇਗਾ। ਸ਼ਹੀਦ ਪਰਵਿੰਦਰ ਸਿੰਘ ਦੀ ਯਾਦ ਵਿੱਚ ਸਕੂਲ ਦਾ ਨਾਮ ਅਤੇ ਸਟੇਡੀਅਮ ਬਣਾਉਣ ਦੀ ਮੰਗ ਪਿੰਡ ਦੇ ਪਤਵੰਤਿਆਂ ਵੱਲੋਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਸ਼ਹੀਦ ਪਰਵਿੰਦਰ ਸਿੰਘ ਦੇ ਪਿਤਾ ਗੁਰਜੀਤ ਸਿੰਘ ਫ਼ੌਜ ਵਿੱਚੋਂ ਸੇਵਾ ਮੁਕਤ ਹੋਏ ਹਨ ਅਤੇ ਭਰਾ ਗੁਰਪਿੰਦਰ ਸਿੰਘ ਫ਼ੌਜ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ। ਇਸ ਮੌਕੇ ਸਰਪੰਚ ਪਰਮਿੰਦਰ ਕੌਰ ਦੇ ਪਤੀ ਸਮਾਜ ਸੇਵੀ ਇੰਦਰਜੀਤ ਸਿੰਘ ਬਾਵਾ ਧਾਲੀਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਭਾਜਪਾ ਐਸਸੀ ਮੋਰਚਾ ਜ਼ਿਲ੍ਹਾ ਸੰਗਰੂਰ-2 ਦੇ ਪ੍ਰਧਾਨ ਸਤਗੁਰ ਸਿੰਘ ਛਾਜਲੀ, ਯੁਵਾ ਮੋਰਚਾ ਜ਼ਿਲ੍ਹਾ ਸੰਗਰੂਰ-2 ਦੇ ਪ੍ਰਧਾਨ ਸ਼ੇਰਵਿੰਦਰ ਸਿੰਘ ਧਾਲੀਵਾਲ ਅਤੇ ਭਾਜਪਾ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਦੁੱਲਟ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।