ਕੌਫੀ ਵਿਦ ਕਰਨ 8’ ਨੂੰ ਲੈ ਕੇ ਦਰਸ਼ਕਾਂ ’ਚ ਇਕ ਵੱਖਰਾ ਹੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਸ਼ੋਅ ਦੀ ਇਕ ਪ੍ਰੋਮੋ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਬਾਲੀਵੁੱਡ ਦੇ ਪਾਵਰ ਕੱਪਲ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਇਕੱਠੇ ਨਜ਼ਰ ਆ ਰਹੇ ਹਨ। ਦੋਵੇਂ ਹੋਸਟ ਕਰਨ ਜੌਹਰ ਦੇ ਸਾਹਮਣੇ ਆਪਣੀ ਡੇਟਿੰਗ ਲਾਈਫ, ਵਿਆਹ ਤੇ ਪੇਸ਼ੇਵਰ ਕਰੀਅਰ ਬਾਰੇ ਖੁੱਲ੍ਹ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਪ੍ਰੋਮੋ ’ਚ ਕਰਨ ਨੇ ਦੀਪਿਕਾ ਤੋਂ ਪੁੱਛਿਆ ਕਿ ਰਣਵੀਰ ਤੋਂ ਇਲਾਵਾ ਉਸ ਦੀ ਕਿਸ ਨਾਲ ਵਧੀਆ ਕੈਮਿਸਟਰੀ ਹੈ। ਉਹ ਜਵਾਬ ਦਿੰਦੀ ਹੈ, ‘‘ਰਿਤਿਕ ਰੌਸ਼ਨ ਨਾਲ, ਜੋ ਸਾਰਿਆਂ ਦੇ ਨਾਲ ਹੈ।’’ ਦੀਪਿਕਾ ਦੀਆਂ ਗੱਲਾਂ ਸੁਣ ਕੇ ਕਰਨ ਤੇ ਰਣਵੀਰ ਦੋਵੇਂ ਹੈਰਾਨ ਰਹਿ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬਹੁਤ ਜਲਦ ਹੀ ਦੀਪਿਕਾ ਪਹਿਲੀ ਵਾਰ ਰਿਤਿਕ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੀ ਹੈ। ਇਨ੍ਹਾਂ ਦੀ ਜੋੜੀ ਸਿਧਾਰਥ ਆਨੰਦ ਦੀ ਐਕਸ਼ਨ ਫ਼ਿਲਮ ‘ਫਾਈਟਰ’ ’ਚ ਬਣੀ ਹੈ। ਇਹ ਫ਼ਿਲਮ 25 ਜਨਵਰੀ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।