ਐਸ.ਏ.ਐਸ.ਨਗਰ :- ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ 2 ਨਵੰਬਰ, 2023 ਨੂੰ ਪੰਜ ਫੀਸਦੀ ਈ.ਵੀ.ਐਮਜ਼ 'ਤੇ ਮੌਕ ਪੋਲ ਕਰਵਾਇਆ ਜਾਵੇਗਾ। ਉਹ ਅੱਜ 16 ਅਕਤੂਬਰ ਤੋਂ 4 ਨਵੰਬਰ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ, ਮੋਹਾਲੀ ਵਿਖੇ ਜ਼ਿਲ੍ਹਾ ਚੋਣ ਦਫ਼ਤਰ ਦੇ ਗੋਦਾਮ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਚੱਲ ਰਹੀ ਫਸਟ ਲੈਵਲ ਚੈਕਿੰਗ ਦਾ ਜਾਇਜ਼ਾ ਲੈ ਰਹੇ ਸਨ।
ਭਾਰਤ ਇਲੈਕਟ੍ਰੋਨਿਕਸ ਲਿਮਟਿਡ, ਬੰਗਲੌਰ ਦੇ ਇੰਜੀਨੀਅਰਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਪਹਿਲੇ ਪੱਧਰ ਦੀ ਚੈਕਿੰਗ ਦੇ ਕੰਮ 'ਤੇ ਤਸੱਲੀ ਪ੍ਰਗਟਾਈ। ਇੰਜੀਨੀਅਰਾਂ ਦੀ ਟੀਮ ਨੇ ਡੀ ਸੀ ਨੂੰ ਹੁਣ ਤੱਕ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਐਫ.ਐਲ.ਸੀ. ਦੀ ਪ੍ਰਗਤੀ ਅਨੁਸਾਰ, ਕੁੱਲ 1247 ਵਿੱਚੋਂ 1193 ਕੰਟਰੋਲ ਯੂਨਿਟਾਂ ਤੋਂ ਇਲਾਵਾ ਕੁੱਲ 2140 ਵਿੱਚੋਂ 1705 ਬੈਲਟ ਯੂਨਿਟਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਹੁਣ ਤੱਕ 1290 ਵੀ ਵੀ ਪੀ ਏ ਟੀ ਵਿੱਚੋਂ 1232 ਯੂਨਿਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਤੱਕ ਪਹਿਲੇ ਪੱਧਰ ਦੀ ਚੈਕਿੰਗ (ਫਸਟ ਲੈਵਲ ਚੈਕਿੰਗ) ਮੁਕੰਮਲ ਕਰ ਲਈ ਜਾਵੇਗੀ। ਇਸ ਤੋਂ ਬਾਅਦ 2 ਨਵੰਬਰ ਨੂੰ ਸਿਆਸੀ ਪਾਰਟੀਆਂ ਦੀ ਹਾਜ਼ਰੀ ਵਿੱਚ 5 ਫੀਸਦੀ ਐਫ.ਐਲ.ਸੀ ਮਸ਼ੀਨਾਂ 'ਤੇ ਮੌਕ ਪੋਲ ਕਰਵਾਏ ਜਾਣਗੇ।
ਇਨ੍ਹਾਂ ਵਿੱਚੋਂ ਇੱਕ ਪ੍ਰਤੀਸ਼ਤ ਮਸ਼ੀਨਾਂ ਤੇ ਮੌਕ ਪੋਲਿੰਗ ਦੌਰਾਨ 1200 ਵੋਟਾਂ ਪੈਣਗੀਆਂ ਅਤੇ ਦੋ ਪ੍ਰਤੀਸ਼ਤ ਮਸ਼ੀਨਾਂ ਤੇ ਕ੍ਰਮਵਾਰ 1000 ਅਤੇ 500 ਵੋਟਾਂ ਪੈਣਗੀਆਂ।ਮਸ਼ੀਨਾਂ ਦੀ ਚੋਣ, ਪਾਰਦਰਸ਼ਤਾ ਬਣਾਈ ਰੱਖਣ ਲਈ ਸਿਆਸੀ ਪਾਰਟੀਆਂ ਨੂੰ ਪੇਸ਼ ਕੀਤੀ ਗਈ ਸੂਚੀ ਵਿੱਚੋਂ ਬੇਤਰਤੀਬੇ (ਕਿਸੇ ਵੀ ਲੜੀ ਨੰਬਰ ਤੋਂ) ਢੰਗ ਨਾਲ ਕੀਤੀ ਜਾਵੇਗੀ।
ਉਨ੍ਹਾਂ ਦੇ ਨਾਲ ਏ ਡੀ ਸੀ (ਜੀ) ਵਿਰਾਜ ਐਸ ਤਿੜਕੇ, ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ, ਨਿਗਰਾਨ ਅਧਿਕਾਰੀ ਕਿਰਨ ਸ਼ਰਮਾ (ਜੁਆਇੰਟ ਕਮਿਸ਼ਨਰ ਐਮ ਸੀ ਮੋਹਾਲੀ) ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੀ ਮੌਜੂਦ ਸਨ।