ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਪਾਕਿਸਤਾਨ-ਅਧਾਰਤ ਸ਼ਹਿਜ਼ਾਦ ਭੱਟੀ ਦੇ ਨਜ਼ਦੀਕੀ ਸਾਥੀ ਜ਼ੀਸ਼ਾਨ ਅਖ਼ਤਰ ਵੱਲੋਂ ਰਚੀ ਗਈ ਸੀ ਸਜ਼ਿਸ਼ : ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਜਲੰਧਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਪਾਕਿ-ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲ ਵੱਲੋਂ, ਘੜੀ ਸਾਜ਼ਿਸ਼ ਤਹਿਤ ਭਾਜਪਾ ਨੇਤਾ ਦੇ ਘਰ ’ਤੇ ਕੀਤੇ ਹੈਂਡ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਮੁਲਜ਼ਮਾਂ ਮਹਿਜ਼ 12 ਘੰਟਿਆਂ ਤੋਂ ਵੀ ਘੱਟ ਸਮੇਂ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ । ਇਹ ਜਾਣਕਾਰੀ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਮੰਗਲਵਾਰ ਨੂੰ ਇੱਥੇ ਦਿੱਤੀ।
ਸਪੈਸ਼ਲ ਡੀਜੀਪੀ ਨੇ ਕਿਹਾ , “ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਦੀ ਆਈ.ਐਸ.ਆਈ. ਵੱਲੋਂ ਪੰਜਾਬ ਵਿੱਚ ਫਿਰਕੂ ਸਦਭਾਵਨਾ ਨੂੰ ਢਾਹ ਲਾਉਣ ਲਈ ਵੱਡੀ ਸਾਜ਼ਿਸ਼ ਰਚੀ ਗਈ ਸੀ। ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਸੀ, ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਪਾਕਿਸਤਾਨ ਸਥਿਤ ਆਈਐਸਆਈ-ਸਮਰਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਦਾ ਨਜ਼ਦੀਕੀ ਸਾਥੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਦੇ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਮਾਸਟਰਮਾਈਂਡ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਗੈਂਗਸਟਰ ਹੈਪੀ ਪਾਸੀਆਂ ਨਾਲ ਵੀ ਸਬੰਧਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ, ਜਿਹਨਾਂ ਨਾਲ ਆਈਜੀਪੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਵੀ ਮੌਜੂਦ ਸਨ, ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਟੀਮਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਦੋਸ਼ੀਆਂ ਵੱਲੋਂ ਵਰਤਿਆ ਈ-ਰਿਕਸ਼ਾ ਵੀ ਬਰਾਮਦ ਕੀਤਾ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਸੈਂਟਰਲ ਟਾਊਨ ਜਲੰਧਰ ਸਥਿਤ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਧਮਾਕਾ ਹੋਇਆ ਸੀ। ਜਲੰਧਰ ਕਮਿਸ਼ਨਰੇਟ ਦੀਆਂ ਪੁਲਿਸ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਫੋਰੈਂਸਿਕ ਟੀਮ ਵੱਲੋਂ ਮੌਕਾ-ਏ- ਵਾਰਦਾਤ ਤੋਂ ਨਮੂਨੇ ਅਤੇ ਸਬੰਧਿਤ ਸਬੂਤ ਇਕੱਠੇ ਕਰ ਲਏ ਗਏ।
ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਜਲੰਧਰ ਧਨਪ੍ਰੀਤ ਕੌਰ ਨੇ ਕਿਹਾ ਕਿ ਸਮੁੱਚੇ ਅੱਤਵਾਦੀ ਨੈੱਟਵਰਕ ਦਾ ਪਤਾ ਲਗਾਉਣ ਅਤੇ ਸਾਰੇ ਸਾਜ਼ਿਸ਼ਕਾਰਾਂ ਵਿਰੁੱਧ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਖੁਫੀਆ ਏਜੰਸੀਆਂ ਨਾਲ ਤਾਲਮੇਲ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੀਪੀ ਜਲੰਧਰ, ਨੇ ਕਿਹਾ ਕਿ ਇਸ ਸਬੰਧੀ ਭਾਰਤੀ ਬੀਐਨਐਸ ਦੀ ਧਾਰਾਵਾਂ 109, 324(3) ਅਤੇ 61(2) ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਜਲੰਧਰ ਥਾਣਾ ਡਿਵੀਜ਼ਨ ਨੰਬਰ 3 ਵਿਖੇ ਐਫਆਈਆਰ ਨੰਬਰ 27 ਮਿਤੀ 8/4/2025 ਦਰਜ ਕੀਤੀ ਗਈ ਹੈ।