ਐਸ ਏ ਐਸ ਨਗਰ : ਪੰਜਾਬ ਸਰਕਾਰ ਨੇ ਪਾਲਤੂ ਜਾਨਵਰਾਂ ਦੀ ਵਿੱਕਰੀ ਕਰਨ ਵਾਲੀਆਂ ਦੁਕਾਨਾਂ ਅਤੇ ਕੁੱਤਿਆਂ ਦੇ ਪਾਲਕਾਂ, ਜੋ ਪਾਲਤੂ ਜਾਨਵਰਾਂ ਅਤੇ ਪੰਛੀਆਂ ਦੀ ਵਿਕਰੀ, ਖਰੀਦ ਅਤੇ ਪ੍ਰਜਨਨ ਵਿੱਚ ਸ਼ਾਮਲ ਹਨ, ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ। ਇਹ ਗੱਲ ਡਾ. ਐਸ.ਕੇ. ਗੁਪਤਾ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਐਸ ਏ ਐਸ ਨਗਰ ਨੇ ਅੱਜ ਇੱਥੇ ਕਹੀ।
ਹੋਰ ਵੇਰਵੇ ਦਿੰਦੇ ਹੋਏ, ਡਾ. ਗੁਪਤਾ ਨੇ ਕਿਹਾ ਕਿ ਇਹ ਨਿਰਦੇਸ਼ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਐਕਟ, 1960, ਕੁੱਤਿਆਂ ਦੇ ਪਾਲਣ-ਪੋਸ਼ਣ ਅਤੇ ਮਾਰਕੀਟਿੰਗ ਨਿਯਮ, 2017, ਅਤੇ ਪਾਲਤੂ ਜਾਨਵਰਾਂ ਦੀ ਦੁਕਾਨ ਨਿਯਮਾਂ, 2018 ਦੀ ਪਾਲਣਾ ਵਿੱਚ ਹੈ। ਇਹ ਨਿਯਮ ਪਾਲਤੂ ਜਾਨਵਰਾਂ ਅਤੇ ਪੰਛੀਆਂ ਦੀ ਔਨਲਾਈਨ ਵਿਕਰੀ 'ਤੇ ਵੀ ਲਾਗੂ ਹੁੰਦੇ ਹਨ। ਲਾਜ਼ਮੀ ਰਜਿਸਟ੍ਰੇਸ਼ਨ ਦਾ ਉਦੇਸ਼ ਪਾਲਤੂ ਜਾਨਵਰਾਂ ਦੇ ਪਾਲਣ-ਪੋਸ਼ਣ ਅਤੇ ਵਿਕਰੀ ਨੂੰ ਨਿਯਮਤ ਕਰਨਾ ਹੈ, ਅਤੇ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਵਿੱਚ ਜਾਨਵਰਾਂ ਨਾਲ ਵਧੀਕੀਆਂ ਅਤੇ ਦੁਰਵਿਵਹਾਰ ਨੂੰ ਰੋਕ ਕੇ ਜਾਨਵਰਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ।
ਡਾ. ਗੁਪਤਾ ਨੇ ਜ਼ਿਲ੍ਹਾ ਐਸ ਏ ਐਸ ਨਗਰ ਦੇ ਸਾਰੇ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਦੇ ਮਾਲਕਾਂ ਅਤੇ ਪ੍ਰਜਨਨ ਪ੍ਰਕਿਰਿਆ ਕਰਵਾਉਣ ਵਾਲਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਦੀ ਅਪੀਲ ਕੀਤੀ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ, ਸਰਕਾਰ ਨੇ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਪੰਜ ਮੈਂਬਰੀ ਨਿਰੀਖਣ ਟੀਮਾਂ ਦਾ ਗਠਨ ਕੀਤਾ ਹੈ। ਇਨ੍ਹਾਂ ਟੀਮਾਂ ਵਿੱਚ ਇੱਕ ਵੈਟਰਨਰੀ ਅਫਸਰ ਦੇ ਨਾਲ-ਨਾਲ ਪੁਲਿਸ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ, ਸਥਾਨਕ ਸਰਕਾਰ ਅਤੇ ਐਸ ਪੀ ਸੀ ਏ ਦੇ ਪ੍ਰਤੀਨਿਧ ਸ਼ਾਮਲ ਹਨ।
ਕਿਸੇ ਵੀ ਪੁੱਛਗਿੱਛ ਜਾਂ ਸਹਾਇਤਾ ਲਈ, ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਦੇ ਮਾਲਕ ਅਤੇ ਬਰੀਡਰ ਆਪਣੇ ਨਜ਼ਦੀਕੀ ਸਰਕਾਰੀ ਸਿਵਲ ਵੈਟਰਨਰੀ ਹਸਪਤਾਲ ਨਾਲ ਸੰਪਰਕ ਕਰ ਸਕਦੇ ਹਨ। ਡਾ. ਗੁਪਤਾ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਉਲੰਘਣਾ ਕਰਨ ਵਾਲਿਆਂ ਨੂੰ 50,000 ਰੁਪਏ ਤੱਕ ਦਾ ਜੁਰਮਾਨਾ ਅਤੇ/ਜਾਂ ਤਿੰਨ ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਪਾਲਤੂ ਜਾਨਵਰ ਖਰੀਦਣ ਤੋਂ ਪਹਿਲਾਂ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਅਤੇ ਬਰੀਡਰਾਂ ਦੀ ਰਜਿਸਟ੍ਰੇਸ਼ਨ ਸਥਿਤੀ ਦੀ ਪੁਸ਼ਟੀ ਕਰਨ।