Tuesday, April 08, 2025

Malwa

ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਸਮੇਂ ਸਿਰ ਪਹੁੰਚਾਉਣ 'ਚ ਕਾਲ ਸੈਂਟਰ ਨਿਭਾਅ ਰਿਹੈ ਅਹਿਮ ਭੂਮਿਕਾ

November 06, 2023 11:41 AM
SehajTimes

ਪਟਿਆਲਾ :- ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸਮੇਂ ਸਿਰ ਮਸ਼ੀਨਰੀ ਉਪਲਬੱਧ ਕਰਵਾਉਣ ਲਈ ਬਣਾਇਆ ਕਾਲ ਸੈਂਟਰ ਕਿਸਾਨਾਂ ਨੂੰ ਮਸ਼ੀਨਰੀ ਪਹੁੰਚਾਉਣ ਅਤੇ ਉਨ੍ਹਾਂ ਨਾਲ ਸਿੱਧਾ ਰਾਬਤਾ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਸਾਨਾਂ ਨੂੰ ਮਸ਼ੀਨਰੀ ਉਪਲਬੱਧ ਕਰਵਾਉਣ ਲਈ ਵਾਢੀ ਸਮੇਂ ਹੀ ਕਾਲ ਸੈਂਟਰ ਸਥਾਪਤ ਕਰ ਦਿੱਤਾ ਗਿਆ ਸੀ, ਜੋ ਮੰਡੀਆਂ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਨਾਲ ਉਨ੍ਹਾਂ ਵੱਲੋਂ ਲਿਖਾਇਆ ਸੰਪਰਕ ਨੰਬਰ 'ਤੇ ਰਾਬਤਾ ਕਰਕੇ ਉਨ੍ਹਾਂ ਪਾਸੋਂ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਜ਼ਰੂਰਤ ਸਬੰਧੀ ਜਾਣਕਾਰੀ ਲੈ ਕੇ ਖੇਤਰ ਦੇ ਕਲੱਸਟਰ ਅਫ਼ਸਰ ਨਾਲ ਸਾਂਝੀ ਕਰਦਾ ਹੈ, ਤਾਂ ਜੋ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਆਪਣੇ ਨੇੜੇ ਉਪਲਬੱਧ ਮਸ਼ੀਨਰੀ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਟਸ ਐਪ ਚੈਟ ਬੋਟ ਨੰਬਰ 73800-16070 ਵੀ ਜਾਰੀ ਕੀਤੀ ਗਿਆ ਹੈ, ਜਿਥੇ ਕਿਸਾਨ ਆਪਣੇ ਨੇੜੇ ਮੌਜੂਦ ਮਸ਼ੀਨਰੀ ਦੀ ਕਿਸਮ ਅਤੇ ਸੰਪਰਕ ਨੰਬਰ ਲੈ ਕੇ ਮਸ਼ੀਨਰੀ ਮਾਲਕ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੈਟ ਬੋਟ ਤੋਂ ਜਾਣਕਾਰੀ ਲੈਣ ਵਾਲੇ ਕਿਸਾਨਾਂ ਨਾਲ ਵੀ ਕਾਲ ਸੈਂਟਰ ਤੋਂ ਸੰਪਰਕ ਕੀਤਾ ਜਾਂਦਾ ਹੈ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਮਸ਼ੀਨਰੀ ਸਮੇਂ ਸਿਰ ਉਪਲਬੱਧ ਹੋ ਸਕੇ।
ਮਸ਼ੀਨਰੀ ਉਪਲਬੱਧ ਹੋਣ ਵਾਲੇ ਪਿੰਡ ਟੋਡਰਪੁਰ ਦੇ ਕਿਸਾਨ ਨਵਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਕਿੱਲਿਆਂ ਵਿੱਚ ਪਰਾਲੀ ਦੀਆਂ ਗੱਠਾਂ ਸਮੇਂ ਸਿਰ ਬਣਾ ਦਿੱਤੀਆਂ ਗਈਆਂ ਸਨ, ਜਿਸ ਸਦਕਾ ਉਸ ਵੱਲੋਂ ਮਟਰ ਦੀ ਲਵਾਈ ਸਮੇਂ ਸਿਰ ਕਰ ਦਿੱਤੀ ਗਈ ਹੈ। ਨਵਦੀਪ ਸਿੰਘ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਸਮੇਂ ਸਿਰ ਮਿਲੀ ਮਸ਼ੀਨਰੀ ਸਦਕਾ ਜਿਥੇ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ, ਉਥੇ ਹੀ ਕਿਸਾਨਾਂ ਨੂੰ ਵੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਲਾਭ ਹੋਵੇਗਾ।
 

Have something to say? Post your comment