ਫਤਹਿਗੜ੍ਹ ਸਾਹਿਬ :- ਪਰਾਲੀ ਦੀ ਸੁੱਚਜੀ ਸੰਭਾਲ ਲਈ ਸਰਕਾਰ ਵੱਲੋਂ ਖੇਤੀਬਾੜ੍ਹੀ ਮਸ਼ੀਨਰੀ ਦੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਦੀ ਲੋੜ ਮੁਤਾਬਿਕ ਹੋਰ ਵੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ ਇਸ ਲਈ ਕਿਸਾਨ ਆਪਣੀ ਲੋੜ ਮੁਤਾਬਿਕ ਮਸ਼ੀਨਰੀ ਲੈਣ ਲਈ ਜਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਣ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਬੱਚਤ ਭਵਨ ਵਿਖੇ ਮੀਡੀਆ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਸਾਲ 19 ਨਵੇਂ ਬੇਲਰ ਦਿੱਤੇ ਗਏ ਹਨ ਤਾ ਜੋ ਪਰਾਲੀ ਦੀਆਂ ਗੱਠਾ ਬਣਾ ਕੇ ਜਿਲ੍ਹੇ ਵਿੱਚ ਚੱਲ ਰਹੇ ਪੰਜ ਉਦਯੋਗਾਂ ਤੱਕ ਪਹੁਚਾਈਆਂ ਜਾ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਾਉਣ ਦੇ ਕੇਸਾਂ ਵਿੱਚ 24 ਫੀਸਦੀ ਕਮੀ ਆਈ ਹੈ। ਜਦੋਂ ਕਿ ਸਰਕਾਰ ਵੱਲੋਂ 50 ਫੀਸਦੀ ਦਾ ਟੀਚਾ ਮਿੱਥਿਆ ਗਿਆ ਸੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ ਭਲਾਈ ਦਾ ਕਾਰਜ ਵਿੱਚ ਆਪਣਾ ਪੂਰਾ ਸਹਿਯੋਗ ਦੇਣ। ਜਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਸ਼ੀਨਿਰੀ ਮੁਹੱਈਆ ਕਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਤਾਂ ਜੋ ਜਿਲ੍ਹੇ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ।
ਸ੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਖੇਤੀਬਾੜ੍ਹੀ ਵਿਭਾਗ ਵੱਲੋਂ ਸੂਪਰ ਸੀਡਰ, ਸਰਫੇਸ ਸੀਡਰ, ਬੇਲਰ, ਆਦਿ ਖੇਤੀ ਮਸ਼ੀਨਿਰੀ 50 ਫੀਸਦੀ ਤੱਕ ਸਬਸਿਡੀ ਤੇ ਦਿੱਤੀ ਜਾ ਰਹੀ ਹੈ। ਕਿਸਾਨ ਇਸ ਮਸ਼ੀਨਿਰੀ ਦਾ ਵੱਧ ਤੋਂ ਵੱਧ ਫਾਇਦਾ ਲੈ ਕਿ ਪਰਾਲੀ ਨੂੰ ਖੇਤਾ ਵਿੱਚ ਹੀ ਵਾਹ ਕੇ ਆਪਣੀ ਜਮੀਨ ਨੂੰ ਵਧੇਰੇ ਉਪਜਾਊ ਬਣਾਉਣ ਅਤੇ ਅੱਗ ਨਾਲ ਸੜਨ ਵਾਲੇ ਮਿੱਤਰ ਕੀੜਿਆਂ ਨੂੰ ਵੀ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿੱਥੇ ਪਰਾਲੀ ਨੂੰ ਜਮੀਨ ਵਿੱਚ ਵਹਾਉਣ ਨਾਲ ਜਮੀਨ ਦੀ ਉਪਜਾਉ ਸ਼ਕਤੀ ਵੱਧਦੀ ਹੈ ਉੱਥੇ ਹੀ ਪਾਣੀ ਅਤੇ ਖਾਦਾਂ ਦੀ ਵੀ ਬੱਚਤ ਹੁੰਦੀ ਹੈ।
ਡਿਪਟੀ ਕਮਿਸ਼ਨਰ ਨੇ ਖਾਸ ਤੋਰ ਤੇ ਅਪੀਲ ਕੀਤੀ ਕਿ ਜਦੋਂ ਪਰਾਲੀ ਦੀਆਂ ਗੱਠਾਂ ਬਣ ਜਾਂਦੀਆਂ ਹਨ ਤਾਂ ਉਸਤੋਂ ਬਾਅਦ ਵੀ ਜਿਹੜੀ ਰਹਿੰਦ ਖੂੰਹਦ ਬਚਦੀ ਹੈ ਤਾਂ ਉਸਨੂੰ ਅੱਗ ਲਾ ਦਿੱਤੀ ਜਾਂਦੀ ਹੈ, ਉਨ੍ਹਾਂ ਕਿਹਾ ਕਿ ਇਹ ਰਹਿੰਦ ਖੂੰਹਦ ਨੂੰ ਖੇਤਾਂ ਦੀਆਂ ਸਾਈਡਾਂ ਤੇ ਰੱਖ ਦਿੱਤਾ ਜਾਵੇ ਤਾ ਜੋ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਸਨੂੰ ਚੁੱਕ ਗਊਸ਼ਾਲਾ ਵਿੱਚ ਪਹੁੰਚਾਇਆ ਜਾ ਸਕੇ।