ਫ਼ਤਹਿਗੜ੍ਹ ਸਾਹਿਬ :- ਲੋਕਤੰਤਰ ਦੇ ਚੌਥੇ ਥੰਮ ਨਾਲ ਜੁੜੇ ਫ਼ਤਹਿਗੜ੍ਹ ਸਾਹਿਬ ਦੇ ਮੀਡੀਆ ਕਰਮੀਆਂ ਵੱਲੋਂ ਰਾਸ਼ਟਰੀ ਪ੍ਰੈਸ ਦਿਵਸ ਮਨਾਇਆ ਗਿਆ। ਇਸ ਮੌਕੇ ਕੇਕ ਕੱਟ ਕੇ ਸਾਰਿਆਂ ਨੂੰ ਰਾਸ਼ਟਰੀ ਪ੍ਰੈਸ ਦਿਵਸ ਦੀ ਮੁਬਾਰਕਬਾਦ ਦਿੱਤੀ ਗਈ ਅਤੇ ਪੱਤਰਕਾਰਾਂ ਦੀਆਂ ਮੰਗਾ ਨੂੰ ਪੂਰਾ ਕਰਵਾਉਣ ਲਈ ਸਹਾਇਕ ਲੋਕ ਸੰਪਰਕ ਅਫਸਰ, ਸਤਿੰਦਰਪਾਲ ਸਿੰਘ ਅਤੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦੇ ਦਫਤਰ ਸਕੱਤਰ ਰੋਸ਼ਾ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਣਬੀਰ ਕੁਮਾਰ ਜੱਜੀ, ਜ਼ਿਲ੍ਹਾ ਜਰਨਲ ਸਕੱਤਰ ਬਿਕਰਮਜੀਤ ਸਹੋਤਾ, ਬਲਾਕ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਮਨਪ੍ਰੀਤ ਸਿੰਘ, ਸਰਹਿੰਦ ਦੇ ਪ੍ਰਧਾਨ ਰੁਪਿੰਦਰ ਸ਼ਰਮਾ ਰੂਪੀ, ਬਲਾਕ ਚਨਾਰਥਲ ਕਲਾ ਦੇ ਪ੍ਰਧਾਨ ਕਪਿਲ ਕੁਮਾਰ ਬਿੱਟੂ ਅਤੇ ਬਲਾਕ ਖੇੜਾ ਦੇ ਪ੍ਰਧਾਨ ਪ੍ਰਵੀਨ ਬੱਤਰਾ ਨੇ ਦੱਸਿਆ ਕਿ ਫੀਲਡ ਵਿਚ ਕੰਮ ਕਰਦੇ ਮੀਡੀਆ ਕਰਮੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫੀਲਡ ਵਿਚ ਕੰਮ ਕਰਦੇ ਪੱਤਰਕਾਰ ਮਾਮੂਲੀ ਤਨਖਾਹ ਜਾਂ ਡੇਲੀ ਵੇਜਿਜ਼ 'ਤੇ ਕੰਮ ਕਰਦੇ ਹਨ।
ਉਹਨਾਂ ਮੰਗ ਕੀਤੀ ਕਿ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨਾਂ 'ਤੇ ਕੰਮ ਕਰਦੇ ਜਿਹੜੇ ਪੱਤਰਕਾਰਾਂ ਦੇ ਪੀਲੇ ਕਾਰਡ ਅਤੇ ਵੈਟਰਨ ਪੱਤਰਕਾਰਾਂ ਦੇ ਕਾਰਡ ਜਾਰੀ ਕੀਤੇ ਜਾਣ। ਹਫਤਾਵਾਰੀ ਅਖਬਾਰਾਂ ਦੇ ਪੱਤਰਕਾਰਾਂ ਦੇ ਵੀ ਪੀਲੇ ਕਾਰਡ ਬਣਾਏ ਜਾਣ। ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਵੱਖੋ ਵੱਖ ਲੋੜੀਂਦੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣ। ਉਹਨਾਂ ਮੰਗ ਕੀਤੀ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਪ੍ਰੈਸ ਰੂਮ ਬਣਾਉਣ ਲਈ ਸਰਕਾਰੀ ਥਾਂ ਅਤੇ ਗ੍ਰਾਂਟ ਦਿੱਤੀ ਜਾਵੇ। ਜਿਹੜਾ ਪੱਤਰਕਾਰ ਪਿਛਲੇ 10-15 ਸਾਲਾਂ ਤੋਂ ਇਕ ਅਖਬਾਰ ਨਾਲ ਜੁੜਿਆ ਹੋਇਆ ਹੈ, ਉਸ ਨੂੰ ਅਖਬਾਰ ਵਿਚ ਪੱਕਾ ਕਰਵਾਉਣ ਲਈ ਸਰਕਾਰ ਆਪਣੇ ਪੱਧਰ 'ਤੇ ਕਾਨੂੰਨ ਬਣਾਵੇ ਅਤੇ ਪੀਲਾ ਕਾਰਡ ਧਾਰਕਾਂ ਨੂੰ ਵੀ ਪੈਨਸ਼ਨ ਸਕੀਮ ਅਧੀਨ ਲਿਆਂਦਾ ਜਾਵੇ।
ਸਰਕਾਰੀ ਕਮੇਟੀਆਂ ਜੋ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ 'ਤੇ ਬਣਦੀਆਂ ਹਨ, ਉਹਨਾਂ ਵਿਚ ਪੱਤਰਕਾਰਾਂ ਨੂੰ ਵੀ ਮੈਂਬਰ ਲਿਆ ਜਾਵੇ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਤਾਲਮੇਲ ਕਮੇਟੀਆਂ ਸਥਾਪਤ ਕਰ ਕੇ ਉਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੱਤਰਕਾਰਾਂ ਦੇ ਨੁਮਾਇੰਦੇ ਲਾਏ ਜਾਣ ਤਾਂ ਜੋ ਚੰਗਾ ਰਾਬਤਾ ਕਾਇਮ ਰਹਿ ਸਕੇ। ਪਿਛਲੀਆਂ ਸਰਕਾਰਾਂ ਵੇਲੇ ਸਰਕਾਰੀ ਅਦਾਰਿਆਂ ਦੀਆਂ ਕਮੀਆਂ ਉਜਾਗਰ ਕਰਨ ਵਾਲੇ ਪੱਤਰਕਾਰਾਂ ਖਿਲਾਫ ਕੇਸ ਦਰਜ ਕੀਤੇ ਗਏ ਸਨ, ਉਹ ਰੱਦ ਕੀਤੇ ਜਾਣ। ਪੰਜਾਬ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ। ਭਵਿੱਖ ਵਿਚ ਕਿਸੇ ਵੀ ਪੱਤਰਕਾਰ 'ਤੇ ਕੇਸ ਦਰਜ ਕਰਨ ਤੋਂ ਪਹਿਲਾਂ ਸਬੰਧਤ ਪੱਤਰਕਾਰ ਦੇ ਅਖਬਾਰ ਜਾਂ ਚੈਨਲ ਨੂੰ ਇਸ ਦੀ ਅਗੇਤੀ ਸੂਚਨਾਂ ਦਿੱਤੀ ਜਾਵੇ। ਕਿਸੇ ਵੀ ਪੱਤਰਕਾਰ 'ਤੇ ਕੇਸ ਦਰਜ ਕਰਨ ਤੋਂ ਪਹਿਲਾਂ ਜ਼ਿਲ੍ਹੇ ਦੇ ਡੀ.ਸੀ. ਅਤੇ ਲੋਕ ਸੰਪਰਕ ਅਫਸਰ ਨੂੰ ਜਾਣਕਾਰੀ ਦਿੱਤੀ ਜਾਵੇ, ਜਿੱਥੇ-ਜਿੱਥੇ ਪ੍ਰੈਸ ਕਲੱਬ ਹੋਣ ਉਨਾਂ ਦੇ ਪ੍ਰਧਾਨਾਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਜਾਵੇ। ਪੱਤਰਕਾਰ ਖਿਲਾਫ ਆਈ ਸ਼ਿਕਾਇਤ ਦੀ ਜਾਂਚ ਘੱਟੋਂ ਘੱਟ ਡੀ. ਐਸ. ਪੀ, ਡੀ.ਪੀ.ਆਰ.ਓ., ਪੱਤਰਕਾਰ ਯੂਨੀਅਨ ਅਤੇ ਪ੍ਰੈਸ ਕਲੱਬ ਦੇ ਨੁਮਾਇੰਦੇ ਦੀ ਕਮੇਟੀ ਬਣਾਕੇ ਕਰਵਾਈ ਜਾਵੇ। ਇਸ ਤੋਂ ਇਲਾਵਾ ਸਰਕਾਰੀ ਇਸ਼ਤਿਹਾਰ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ 'ਤੇ ਜਾਰੀ ਕੀਤੇ ਜਾਇਆ ਕਰਨ।
ਇਸ ਮੌਕੇ ਸੀਨੀਅਰ ਪੱਤਰਕਾਰ ਸੁਰੇਸ਼ ਕਾਮਰਾ, ਜਤਿੰਦਰ ਰਾਠੌਰ, ਬਹਾਦਰ ਸਿੰਘ ਟਿਵਾਣਾ, ਦੀਪਕ ਸੂਦ, ਕਰਨ ਸ਼ਰਮਾ, ਰਾਜਿੰਦਰ ਭੱਟ, ਬਲਜਿੰਦਰ ਕਾਕਾ, ਸੁਨੀਲ ਵਰਮਾ, ਰੰਜਨਾ ਸ਼ਾਹੀ, ਸਤਨਾਮ ਸਿੰਘ, ਦੀਦਾਰ ਗੁਰਨਾ, ਰਣਬੀਰ ਸਿੰਘ, ਰਾਜਨ ਭੱਲਾ, ਨੀਤਿਸ਼ ਗੌਤਮ ਅਤੇ ਹੋਰ ਵੀ ਹਾਜ਼ਰ ਸਨ।