ਸੁਨਾਮ : ਦੀ ਸੁਨਾਮ ਹੋਲਸੇਲ ਟਰੇਡ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਰਾਮ ਕੁਮਾਰ ਭੁਟਾਲੀਆ ਨੂੰ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਕੁਮਾਰ ਭੋਲਾ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਸ਼ੁੱਕਰਵਾਰ ਦੇਰ ਸ਼ਾਮ ਸੁਨਾਮ ਵਿਖੇ ਰਾਮ ਕੁਮਾਰ ਭੁਟਾਲੀਆ ਦੇ ਦਫਤਰ ਵਿੱਚ ਇਕੱਠੇ ਹੋਏ ਵਪਾਰੀਆਂ ਨੇ ਕਿਹਾ ਕਿ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਿਪਟਾਰੇ ਲਈ ਸਾਰਿਆਂ ਦਾ ਇੱਕਜੁੱਟ ਹੋਣਾ ਜ਼ਰੂਰੀ ਹੈ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਸੁਨਾਮ ਇਕਾਈ ਦੇ ਪ੍ਰਧਾਨ ਨਰੇਸ਼ ਕੁਮਾਰ ਭੋਲਾ ਨੇ ਵਿਸ਼ਵਾਸ ਦਿਵਾਇਆ ਕਿ ਹੋਲਸੇਲ ਟਰੇਡ ਐਸੋਸੀਏਸ਼ਨ ਦੇ ਹੱਕਾਂ ਲਈ ਜਥੇਬੰਦੀ ਹਮੇਸ਼ਾ ਉਨ੍ਹਾਂ ਦੇ ਨਾਲ ਡਟਕੇ ਖੜ੍ਹੇਗੀ। ਉਨ੍ਹਾਂ ਆਖਿਆ ਕਿ ਵਪਾਰੀਆਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਦੀ ਸੁਨਾਮ ਹੋਲਸੇਲ ਟਰੇਡ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਰਾਮ ਕੁਮਾਰ ਭੁਟਾਲੀਆ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਵਪਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਇਸ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।
ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇੰਸਪੈਕਟਰ ਪ੍ਰਤੀਕ ਜਿੰਦਲ ਐਸ.ਐਚ.ਓ ਸਿਟੀ ਸੁਨਾਮ ਨੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਵਿਨੋਦ ਕੁਮਾਰ, ਅਮਿੱਤ ਕੁਮਾਰ, ਜੀਵਨ ਕੁਮਾਰ, ਰੋਹਿਤ ਗਰਗ, ਆਸ਼ੂ ਗਰਗ, ਮੁਨੀਸ਼ ਕੁਮਾਰ, ਅਮਰਨਾਥ, ਸੁਰੇਸ਼ ਬਾਂਸਲ, ਸੁਰਿੰਦਰ ਨਾਗਰਾ, ਭਗਵਾਨ ਦਾਸ, ਮੁਨੀਸ਼ ਗਰਗ, ਅਜੈ ਮਸਤਾਨੀ, ਸੁਰਜੀਤ ਸਿੰਘ ਆਨੰਦ, ਰਾਮ ਲਾਲ ਜੈਨ, ਰਾਮਲਾਲ ਤਾਇਲ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।