ਫ਼ਤਹਿਗੜ੍ਹ ਸਾਹਿਬ : ਦੇਸ਼ ਦੀ ਪ੍ਰਮੁੱਖ ਸਹਿਕਾਰੀ ਸਭਾ ਇਫਕੋ ਵੱਲੋਂ ਪਿੰਡ ਲੋਹਾਰ ਮਾਜਰਾ ਦੀ ਬਹੁ-ਮੰਤਵੀ ਸਹਿਕਾਰੀ ਸਭਾ ਵਿਖੇ ਕਿਸਾਨ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਜਸਮੇਰ ਸਿੰਘ ਨੇ ਕੀਤੀ।
ਇਸ ਮੌਕੇ ਇਫਕੋ ਦੇ ਜ਼ਿਲ੍ਹਾ ਮੈਨੇਜਰ ਹਿਮਾਂਸ਼ੂ ਜੈਨ ਨੇ ਇਫਕੋ ਸਾਗਰੀਕਾ ਤਰਲ, ਨੈਨੋ ਖਾਦਾਂ ਅਤੇ ਤਰਲ ਕਲਸੋਰਸ਼ਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੀ ਅਤੇ ਧੁੰਦ ਦੇ ਮੌਸਮ ਵਿੱਚ ਦਾਣੇਦਾਰ ਖਾਦ ਯੂਰੀਆ ਦੇ ਤੀਸਰਾ ਬੈਗ ਦੀ ਜਗ੍ਹਾ ਤੇ ਨੈਨੋ ਯੂਰੀਆ ਤਰਲ, ਜਿਸ ਵਿੱਚ 20 ਫੀਸਦੀ ਨਾਈਟ੍ਰੋਜਨ ਹੈ, ਨਾਲ 125 ਲੀਟਰ ਪਾਣੀ ਵਿੱਚ ਮਿਲਾ ਕੇ ਨੇਪਸੇਕ ਸਪਰੇਅਰ ਨਾਲ ਸਪਰੇਅ ਕੀਤੀ ਜਾ ਸਕਦੀ ਹੈ ਜੋ ਕਿ ਜ਼ਿਆਦਾ ਲਾਹੇਬੰਦ ਸਿੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਡਰੋਨ ਨਾਲ 10 ਲੀਟਰ ਪਾਣੀ ਵਿੱਚ ਨੈਨੋ ਯੂਰੀਆ ਮਿਲਾ ਕੇ ਸਪਰੇ ਕੀਤੀ ਜਾ ਸਕਦੀ ਹੈ। ਉਨ੍ਹਾਂ ਇਫਕੋ ਦੀ ਸੁਪਰ ਜੋੜੀ (ਨੈਨੋ ਯੂਰੀਆ ਪਲੱਸ + ਸਗਰੀਕਾਂ ਤਰਲ) ਬਾਰੇ ਵੀ ਦੱਸਿਆ ਜਿਸ ਦੀ ਸਪਰੇ ਨਾਲ ਵੱਧ ਝਾੜ ਲਿਆ ਜਾ ਸਕਦਾ ਹੈ।
ਇਸ ਮੌਕੇ ਸਹਿਕਾਰੀ ਬੈਂਕ ਦੇ ਡਾਇਰੈਕਟਰ ਸ ਰਣਜੀਤ ਸਿੰਘ ਘੋਲਾਂ ਨੇ ਕਿਸਾਨਾਂ ਨੂੰ ਸਹਿਕਾਰੀ ਅਦਾਰਿਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤਾਂ ਜੋ ਸਹਿਕਾਰਤਾ ਲਹਿਰ ਨੂੰ ਉੱਚਾ ਚੁਕਿਆ ਜਾ ਸਕੇ। ਇਸ ਮੌਕੇ ਅਗਾਂਹਵਧੂ ਕਿਸਾਨ ਇਕਬਾਲ ਸਿੰਘ , ਸਭਾ ਦੇ ਸਕੱਤਰ ਭੁਪਿੰਦਰ ਸਿੰਘ, ਮੀਤ ਪ੍ਰਧਾਨ ਅਵਤਾਰ ਸਿੰਘ, ਡੀ ਸੀ ਯੂ ਡਾਇਰੈਕਟਰ ਬਹਾਦਰ ਸਿੰਘ , ਕੋਆਪ੍ਰੇਟਿਵ ਬੈਂਕ ਡਾਇਰੈਕਟਰ ਰਣਜੀਤ ਸਿੰਘ ਘੋਲਾਂ, ਕਮੇਟੀ ਮੈਂਬਰ ਰਾਜ ਸਿੰਘ, ਕਾਲਾ ਸਿੰਘ, ਪ੍ਰਧਾਨ ਮਿਲਕ ਸੋਸਾਇਟੀ ਮਹਿੰਦਰ ਪਾਲ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਹਾਜਰ ਸਨ।