ਫ਼ਤਹਿਗੜ੍ਹ ਸਾਹਿਬ :- ਸਰਕਾਰ ਵੱਲੋਂ ਨੌਜਵਾਨ ਲੜਕੇ ਤੇ ਲੜਕੀਆਂ ਦੇ ਹੁਨਰ ਨੂੰ ਵਿਕਸਤ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਹਾਸਲ ਕਰਨ ਦੇ ਯੋਗ ਬਣਾਉਣ ਲਈ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਸਕਿੱਲ ਡਿਵੈਲਪਮੈਂਟ ਸੈਂਟਰ ਸਹਾਈ ਸਿੱਧ ਹੋ ਰਹੇ ਹਨ ਇਨ੍ਹਾਂ ਸੈਂਟਰਾਂ ਤੋਂ ਸਿਖਲਾਈ ਹਾਸਲ ਕਰਕੇ ਨੌਜਵਾਨ ਲੜਕੇ ਤੇ ਲੜਕੀਆਂ ਆਪਣਾ ਰੋਜ਼ਗਾਰ ਹਾਸਲ ਕਰਨ ਦੇ ਯੋਗ ਬਣ ਰਹੇ ਹਨ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ ਨੇ ਬਡਾਲੀ ਆਲਾ ਸਿੰਘ ਵਿਖੇ ਚੱਲ ਰਹੀ ਐਕਟਿਵ ਕਲੋਥਿੰਗ ਕੰਪਨੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਾਲੀ ਆਲਾ ਸਿੰਘ ਵਿਖੇ ਚੱਲ ਰਹੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਬਡਾਲੀ ਆਲਾ ਸਿੰਘ ਵਿਖੇ ਚੱਲ ਰਹੀ ਐਕਟਿਵ ਕਲੋਥਿੰਗ ਕੰਪਨੀ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਸਿਖਲਾਈ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਨੌਜਵਾਨ ਆਪਣੇ ਪੈਰ੍ਹਾਂ ਤੇ ਖੜੇ ਹੋ ਕੇ ਆਪਣਾ ਜੀਵਨ ਪੱਧਰ ਉਚਾ ਚੁੱਕ ਸਕਣ।
ਸ਼੍ਰੀਮਤੀ ਈਸ਼ਾ ਸਿੰਗਲ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਸਿਖਲਾਈ ਹਾਸਲ ਕਰ ਰਹੇ ਸਿਖਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੀ ਸਿਖਲਾਈ ਪੂਰੀ ਮਿਹਨਤ ਤੇ ਸਮਰਪਣ ਦੀ ਭਾਵਨਾਂ ਨਾਲ ਹਾਸਲ ਕਰਨ ਤਾਂ ਜੋ ਉਹ ਰੋਜ਼ਗਾਰ ਹਾਸਲ ਕਰਕੇ ਆਪਣੇ ਪੈਰ੍ਹਾਂ ਤੇ ਖੜੇ ਹੋ ਸਕਣ। ਉਨ੍ਹਾਂ ਐਕਟਿਵ ਕਲੋਥਿੰਗ ਕੰਪਨੀ ਵਿੱਚ ਬਣਨ ਵਾਲੇ ਉਤਪਾਦਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਕੰਪਨੀ ਦੇ ਕੰਮ ਕਾਜ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਵੱਲੋਂ ਹੀ ਬਡਾਲੀ ਆਲਾ ਸਿੰਘ ਦਾ ਸਕਿੱਲ ਡਿਵੈਲਪਮੈਂਟ ਸੈਂਟਰ ਚਲਾਇਆ ਜਾ ਰਿਹਾ ਹੈ ਅਤੇ ਕੰਪਨੀ ਨੇ ਜ਼ਿਲ੍ਰਾ ਪ੍ਰਸ਼ਾਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਸਿਖਲਾਈ ਹਾਸਲ ਕਰਨ ਵਾਲੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਕੰਪਨੀ ਵਿੱਚ ਹੀ ਰੋਜ਼ਗਾਰ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਐਕਟਿਵ ਕਲੋਥਿੰਗ ਕੰਪਨੀ ਦੇ ਐਚ.ਆਰ. ਨੇ ਏ.ਡੀ.ਸੀ. ਨੂੰ ਭਰੋਸਾ ਦਿੱਤਾ ਕਿ ਨੌਜਵਾਨਾਂ ਵੱਲੋਂ ਹਾਸਲ ਕੀਤੀ ਜਾ ਰਹੀ ਸਿਖਲਾਈ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਸਿਖਲਾਈ ਪੂਰੀ ਹੋਣ ਤੇ ਕੰਪਨੀ ਵਿੱਚ ਹੀ ਰੋਜ਼ਗਾਰ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਕਿੱਲ ਡਿਵੈਲਪਮੈਂਟ ਮੁਹਿਮ ਦੇ ਜ਼ਿਲ੍ਹਾ ਮੈਨੇਜਰ ਮੁਕੇਸ਼ ਕੁਮਾਰ ਵੀ ਹਾਜਰ ਸਨ।