ਮਾਲੇਰਕੋਟਲਾ : ਸਮੂਹ ਕਿਰਤੀ ਕਿਸਾਨ ਯੂਨੀਅਨ ਤਹਿਸੀਲ ਵਾ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਪਿੰਡ ਆਦਮਪਾਲ ਦੀ ਪੰਚਾਇਤ ਦੇ ਨਾਲ ਇਕ ਦਰਜਨ ਦੇ ਕਰੀਬ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਇੱਕ ਮਤਾ ਪਾ ਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਪ੍ਰਧਾਨ ਜਹਾਂਗੀਰ ਨੇ ਦੱਸਿਆ ਕਿ ਮਾਲੇਰਕੋਟਲੇ ਤੋਂ ਬਰਨਾਲਾ ਜਾਣ ਵਾਸਤੇ ਸਭ ਤੋਂ ਨੇੜੇ ਅਤੇ ਵਧੀਆ ਰਸਤਾ ਹੋਣ ਕਾਰਨ ਆਵਾਜਾਈ ਬਣੀ ਰਹਿੰਦੀ ਹੈ।
ਮਾਲੇਰਕੋਟਲਾ ਸ਼ਹਿਰ ਤੋਂ ਪਿੰਡ ਆਦਮਪਾਲ ਨੂੰ ਜਾਂਦੀ ਮੇਨ ਸੜਕ ’ਤੇ ਬਣੇ ਡਰੇਨ ਦੀ ਪਟੜੀ ਦੇ ਬਿਲਕੁਲ ਸੜਕ ਦੇ ਨਾਲ ਹੀ ਮੁਰਦਾ ਪਸ਼ੂਆਂ ਦੀ ਹੱਡਾਰੋੜੀ ਬਣਾ ਰੱਖੀ ਹੈ ਅਤੇ ਮਰੇ ਹੋਏ ਪਸ਼ੂਆਂ ਦੀ ਬਦਬੂ ਨਾਲ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਤਾਂ ਬਹੁਤ ਮੁਸ਼ਕਿਲ ਤਾਂ ਆਉਂਦੀ ਹੀ ਹੈ ਪਰ ਮਰੇ ਹੋਏ ਪਸ਼ੂਆਂ ਦੀ ਬਦਬੂ ਹਵਾ ਦੇ ਰੁੱਖ ਨਾਲ ਬਹੁਤ ਦੂਰ ਤੱਕ ਫੈਲਣ ਨਾਲ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਾਹ ਲੈਣ ਵਿੱਚ ਬੜੀ ਮੁਸ਼ਕਿਲ ਆਉਂਦੀ ਹੈ। ਇਸ ਹੱਡਾ ਰੋੜੀ ਨਾਲ ਬਿਮਾਰੀ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਹੋਰ ਤਾਂ ਹੋਰ ਇਸ ਦੇ ਨਾਲ ਹੀ ਇਕ ਛੋਟੇ ਬੱਚਿਆਂ ਦਾ ਸਕੂਲ ਵੀ ਹੈ ਜਿੱਥੇ ਅਨੇਕਾਂ ਪੜ੍ਹਨ ਵਾਲੇ ਬੱਚਿਆਂ ਨੂੰ ਬਦਬੂ ਦੀ ਪ੍ਰੇਸ਼ਾਨੀ ਕਾਰਨ ਬੱਚਿਆਂ ਨੂੰ ਬਿਮਾਰੀ ਫੈਲਣ ਦਾ ਖਤਰਾ ਹੈ। ਇਸ ਦੇ ਨਾਲ ਇਸ ਰਸਤੇ ਤੇ ਬਣਿਆ ਡਰੇਨ ਦਾ ਪੁਲ ਜਿਸ ਦੇ ਆਲੇ ਦੁਆਲੇ ਕੋਈ ਰੇਲਿੰਗ ਨਾ ਲੱਗੀ ਹੋਣ ਕਾਰਨ ਪਿਛਲੇ ਦਿਨਾਂ ’ਚ ਠੰਢ ਦੇ ਮੌਸਮ ਵਿੱਚ ਧੁੰਦ ਕਾਰਨ ਵਾਹਨ ਸਮੇਤ ਡਰੇਨ ਵਿੱਚ ਡਿੱਗਣ ਦੇ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ।
ਕੁੱਝ ਸਮਾਂ ਪਹਿਲਾਂ ਇਕ ਮੋਟਰ ਸਾਇਕਲ ਸਵਾਰ ਨੌਜਵਾਨ ਇਸੇ ਡਰੇਨ ਕਿਨਾਰੇ ਬਣਾਏ ਸੀਵਰੇਜ ਟੋਏ ਵਿਚ ਆਪਣੀ ਜਾਨ ਗੁਆ ਚੁੱਕਿਆ ਹੈ। ਕਿਸਾਨ ਆਗੂਆਂ ਨੇ ਇਸ ਰਾਹ ਤੋਂ ਹੱਡਾਰੋੜੀ ਹਟਵਾਉਣ ਅਤੇ ਲੋਕਾਂ ਦੀ ਸੇਫਟੀ ਲਈ ਡਰੇਨ ਦਾ ਢੁੱਕਵਾਂ ਹੱਲ ਕੱਢਣ ਦੀ ਮੰਗ ਕੀਤੀ ਹੈ। ਇਸ ਕਿਸਾਨ ਵਫਦ ਵਿਚ ਹੋਰਨਾਂ ਤੋਂ ਇਲਾਵਾ ਬਲਾਕ ਮਲੇਰਕੋਟਲਾ ਦੇ ਪ੍ਰਧਾਨ ਮਾਨ ਸਿੰਘ ਸੱਦੋਪੁਰ, ਜਿਲ੍ਹਾ ਆਗੂ ਚਮਕੌਰ ਸਿੰਘ ਹਥਨ, ਇਕਾਈ ਪ੍ਰਧਾਨ ਸਮਸ਼ੇਰ ਸਿੰਘ ਗਿੱਲ ਆਦਮਪਾਲ, ਅਵਤਾਰ ਸਿੰਘ ਇਕਾਈ ਪ੍ਰਧਾਨ,ਮੁਹੰਮਦ ਸਲੀਮ ਖਜ਼ਾਨਚੀ ਅਤੇ ਸੈਕਟਰੀ ਹਰਿੰਦਰ ਸਿੰਘ ਫੈਜ਼ਗੜ੍ਹ ਤੋਂ ਇਲਾਵਾ ਕਈ ਪਿੰਡਾਂ ਦੇ ਆਗੂ ਹਾਜ਼ਰ ਸਨ।