ਮਾਲੇਰਕੋਟਲਾ : ਪਾਵਰਕਾਮ ਅਤੇ ਟਰਾਂਸਕੋ ਦੇ ਸੇਵਾ-ਮੁਕਤ ਮੁਲਾਜ਼ਮਾਂ ਦੀ ਸਰਬ ਸਾਂਝੀ ਜੱਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਵੱਲੋਂ ਆਪਣੀ ਜੱਥੇਬੰਦੀ ਦੇ 75 ਸਾਲ ਦੀ ਉਮਰ ਪਾਰ ਕਰ ਚੁੱਕੇ ਪੈਨਸ਼ਨਰਜ਼ ਅਤੇ ਫੈਮਿਲੀ ਪੈਨਸ਼ਨਰਾਂ ਦਾ ਸਨਮਾਨ ਕਰਨ ਲਈ ਅੱਜ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਕਰਨੈਲ ਸਿੰਘ ਭੱਟੀਆਂ ਨੇ ਦੱਸਿਆ। ਇਸ ਸਮੇਂ ਜੱਥੇਬੰਦੀ ਦੇ ਸੂਬਾਈ ਆਗੂਆਂ ਸਰਵ ਸ਼੍ਰੀ ਅਵੀਨਾਸ਼ ਸ਼ਰਮਾ ਸੂਬਾ ਪ੍ਰਧਾਨ, ਧਨਵੰਤ ਸਿੰਘ ਭੱਠਲ ਜਨਰਲ ਸਕੱਤਰ ਸੂਬਾ ਕਮੇਟੀ ਅਤੇ ਸਰਕਲ ਕਮੇਟੀ ਵੱਲੋਂ ਪ੍ਰਧਾਨ ਸ਼੍ਰੀ ਪਿਆਰਾ ਲਾਲ, ਸਰਕਲ ਸਕੱਤਰ ਸ਼੍ਰੀ ਸ਼ਿੰਦਰ ਧੌਲਾ, ਗੋਵਿੰਦ ਕਾਂਤ ਅਤੇ ਸੁਖਵਿੰਦਰ ਸਿੰਘ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਰਾਣਵਾਂ ਪ੍ਰਧਾਨ ਪੰਜਾਬ ਸਰਵਿਸ ਫ਼ੈਡਰੇਸ਼ਨ, ਜਸਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਪੰਜਾਬ ਸਰਕਾਰ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੇ ਮੁਲਾਜ਼ਮ ਅਤੇ ਪੈਨਸ਼ਨਰਜ਼ ਪ੍ਰਤੀ ਪੰਜਾਬ ਸਰਕਾਰ ਦੀ ਚੁੱਪੀ ਅਤੇ ਟਾਲਮਟੋਲ ਦੀ ਨੀਤੀ ਦੀ ਨਿੰਦਾ ਕਰਦਿਆਂ ਤਿੱਖੇ ਅਤੇ ਵਿਸ਼ਾਲ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਮੁਲਾਜ਼ਮਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਹੋਂਦ ਵਿੱਚ ਆਈ। ਸਰਕਾਰ ਬਣਾਉਣ ਵਿੱਚ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਰਾਂ ਦਾ ਵੱਡਾ ਯੋਗਦਾਨ ਸੀ। ਪਰੰਤੂ ਸਰਕਾਰ ਬਣਨ ਉਪਰੰਤ ਭਗਵੰਤ ਮਾਨ ਸਰਕਾਰ ਨੇ ਆਪਣੇ ਤੇਵਰ ਬਦਲ ਲਏ ਹਨ ਅਤੇ ਪਹਿਲੀਆਂ ਸਰਕਾਰਾਂ ਵਾਂਗ ਹੀ ਨਿੱਤ ਹੀ ਮੁਲਾਜ਼ਮਾਂ ’ਤੇ ਜਬਰ ਕੀਤਾ ਜਾ ਰਿਹਾ ਹੈ। ਹੱਕੀ ਮੰਗਾਂ ਲਈ ਲੜੇ ਜਾ ਰਹੇ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁਲਾਜ਼ਮਾਂ ਦੇ ਛੇਵੇਂ ਪੇ-ਕਮਿਸ਼ਨ ਦੇ ਰਿਵਾਇਜ਼ਡ ਸਕੇਲਾਂ ਦਾ ਬਕਾਇਆ ਜਾਰੀ ਕਰਨ ਅਤੇ ਪੈਂਡਿੰਗ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨ ਅਤੇ ਬਕਾਇਆ ਜਾਰੀ ਕਰਨ ਤੋਂ ਪੂਰੀ ਤਰ੍ਹਾਂ ਚੁੱਪ ਵੱਟ ਲਈ ਹੈ। ਇਸ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੰਡਲ ਕਮੇਟੀ ਦੇ ਆਗੂ ਸਰਵ ਸ਼੍ਰੀ ਜਰਨੈਲ ਸਿੰਘ ਪ੍ਰਧਾਨ, ਸਕੱਤਰ ਪਰਮਜੀਤ ਸਿੰਘ, ਖ਼ਜ਼ਾਨਚੀ ਬਸ਼ੀਰ-ਉਲ-ਹੱਕ ਤੋਂ ਇਲਾਵਾ ਸ਼੍ਰੀ ਕਰਨੈਲ ਸਿੰਘ ਭੱਟੀਆਂ, ਅਨਵਾਰ ਅਹਿਮਦ, ਇਕਬਾਲ ਸਿੰਘ ਫਰਵਾਲੀ, ਹਰਮਿੰਦਰ ਕੁਮਾਰ, ਮਿਰਜ਼ਾ ਸਿੰਘ ਆਦਿ ਆਗੂ ਹਾਜ਼ਰ ਹੋਏ। ਸਟੇਜ ਸੰਚਾਲਣ ਸੁਖਵਿੰਦਰ ਸਿੰਘ
ਵੱਲੋਂ ਕੀਤਾ ਗਿਆ।