ਇਨਸਾਨ ਦੇ ਅੰਦਰ ਜੇਕਰ ਨਵਾਂ - ਨਰੋਆ ਕੁਝ ਸਿੱਖਣ ਤੇ ਸਮਝਣ ਦੀ ਇੱਛਾ ਹੋਵੇ ਤਾਂ ਉਹ ਹਰ ਕਿਸੇ ਇਨਸਾਨ , ਕਿਸੇ ਥਾਂ , ਕਿਸੇ ਘਟਨਾ ਜਾਂ ਕਿਸੇ ਸਥਿਤੀ , ਮਹਾਂਪੁਰਖ ਆਦਿ ਤੋਂ ਕੁਝ ਨਾ ਕੁਝ ਨਵੀਂ , ਜੀਵਨ ਅਤੇ ਆਪਣੇ ਲਈ ਸਹੀ ਉਸਾਰੂ ਤੇ ਸਾਰਥਕ ਸਿੱਖਿਆ ਹਾਸਲ ਕਰ ਹੀ ਲੈਂਦਾ ਹੈ। ਬੱਸ ਜ਼ਰੂਰਤ ਹੈ ਕਿ ਸਥਿਤੀ , ਭਾਸ਼ਣ ਜਾਂ ਕਿਸੇ ਗੱਲ ਨੂੰ ਧਿਆਨ ਨਾਲ ਸੁਣਨ ਤੇ ਸਮਝਣ ਦੀ ਅਤੇ ਕੇਵਲ ਸਾਰਥਕ ਤੇ ਸਕਾਰਾਤਮਕ ਨਜ਼ਰੀਆ ਰੱਖ ਕੇ ਆਪਣੇ ਲਈ ਕੁਝ ਚੰਗਾ ਸਿੱਖਣ , ਸਮਝਣ ਤੇ ਅਪਣਾਉਣ ਦੀ। ਇਸੇ ਤਰ੍ਹਾਂ ਹੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਸਮਾਗਮ ਦੇ ਦੌਰਾਨ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈੰਸ ਜੀ ਪਹੁੰਚੇ ਹੋਏ ਸਨ। ਉਹਨਾਂ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ। ਮੈਂ ਵੀ ਉਸ ਸਮਾਗਮ ਦੇ ਦੌਰਾਨ ਉਹਨਾਂ ਨੂੰ ਧਿਆਨਪੂਰਵਕ ਸੁਣ ਰਿਹਾ ਸੀ। ਸੰਬੋਧਨ ਦੇ ਦੌਰਾਨ ਹੋਰ ਗੱਲਬਾਤ ਤੋਂ ਇਲਾਵਾ ਉਹਨਾਂ ਨੇ ਇੱਕ ਬਹੁਤ ਵੱਡੀ ਅਤੇ ਇਨਸਾਨ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲ਼ੀ ਗੱਲ ਸਾਨੂੰ ਸਮਝਾਈ ਕਿ ਹਰ ਇਨਸਾਨ ਨੂੰ ਜੀਵਨ ਵਿੱਚ ਦੋ ਚੀਜ਼ਾਂ ਨਾਲ ਹਮੇਸ਼ਾ ਜੁੜ ਕੇ ਰਹਿਣਾ ਚਾਹੀਦਾ ਹੈ : ਮਿੱਟੀ ਅਤੇ ਮਾਤ ਭਾਸ਼ਾ। ਇਹ ਦੋ ਗੱਲਾਂ ਜੋ ਉਹਨਾਂ ਨੇ ਸਮਝਾਈਆਂ ਇਹ ਸੱਚਮੁੱਚ ਅਜੋਕੇ ਸਮੇਂ ਵਿੱਚ ਸਾਡੇ ਸਭ ਦੇ ਜੀਵਨ ਵਿੱਚ ਬਹੁਤ ਵੱਡੀ , ਸਾਰਥਕ , ਉਸਾਰੂ ਤੇ ਸੁਚਾਰੂ ਭੂਮਿਕਾ ਅਦਾ ਕਰਦੀਆਂ ਹਨ ਤੇ ਇਨਸਾਨ ਦੇ ਜੀਵਨ ਨੂੰ ਕਾਮਯਾਬ ਬਣਾਉਂਦੀਆਂ ਹਨ। ਸੱਚਮੁੱਚ ! ਜੋ ਇਨਸਾਨ ਆਪਣੀ ਮਿੱਟੀ ਭਾਵ ਆਪਣੇ ਵਿਰਸੇ , ਆਪਣੇ ਸੱਭਿਆਚਾਰ , ਆਪਣੇ ਪਿਛੋਕੜ , ਆਪਣੇ ਇਤਿਹਾਸ ਆਦਿ ਅਤੇ ਆਪਣੀ ਮਾਤ - ਭਾਸ਼ਾ ਦੇ ਨਾਲ਼ ਜੀਵਨ ਭਰ ਜੁੜਿਆ ਰਹਿੰਦਾ ਹੈ , ਉਹ ਵਿਅਕਤੀ ਹਮੇਸ਼ਾ ਜੀਵਨ ਵਿੱਚ ਇੱਕ ਸਫਲ ਇਨਸਾਨ ਬਣ ਕੇ ਉਭਰਦਾ ਹੈ। ਮਾਤ - ਭਾਸ਼ਾ ਵੀ ਕਿਸੇ ਗੱਲ ਨੂੰ ਸਮਝਣ , ਸਮਝਾਉਣ ਅਤੇ ਇਨਸਾਨ ਦੇ ਸੰਪੂਰਨ ਵਿਕਾਸ ਵਿੱਚ ਆਪਣਾ ਵੱਡਾ ਸਾਰਥਕ ਯੋਗਦਾਨ ਪਾਉਂਦੀ ਹੈ। ਸੱਚਮੁੱਚ ਅੱਜ ਇਨਸਾਨ ਆਪਣੀ ਵਿਰਾਸਤ , ਮਹਾਨ ਇਤਿਹਾਸ , ਅਮੀਰ ਵਿਰਸੇ , ਸੱਭਿਆਚਾਰ ਅਤੇ ਮਾਖਿਓਂ ਮਿੱਠੀ ਮਾਤ - ਭਾਸ਼ਾ ਨਾਲੋਂ ਦੂਰ ਹੁੰਦਾ ਜਾ ਰਿਹਾ ਹੈ। ਜੇਕਰ ਅੱਜ ਇਨਸਾਨ ਇਹਨਾਂ ਦੋ ਗੱਲਾਂ " ਮਿੱਟੀ ਅਤੇ ਮਾਤ - ਭਾਸ਼ਾ " ਇਹਨਾਂ ਦੇ ਨਾਲ ਜੁੜਿਆ ਰਹੇ , ਇਹਨਾਂ ਨੂੰ ਯਾਦ ਰੱਖੇ , ਇਹਨਾਂ ਦਾ ਸਤਿਕਾਰ ਕਰੇ ਤੇ ਜੀਵਨ ਵਿੱਚ ਅਪਣਾਵੇ ਤਾਂ ਸੱਚਮੁੱਚ ਮਨੁੱਖ ਸਫਲਤਾ , ਸਕੂਨ ਤੇ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਕੈਬਨਿਟ ਮੰਤਰੀ ਪੰਜਾਬ ਸਰਕਾਰ ਸ. ਹਰਜੋਤ ਸਿੰਘ ਬੈਂਸ ਜੀ ਦੇ ਵੱਲੋਂ ਦੱਸੀਆਂ ਇਹ ਦੋਵੇਂ ਗੱਲਾਂ ਬਹੁਤ ਵੱਡਾ , ਦੂਰਅੰਦੇਸ਼ੀ ਤੇ ਸਾਰਥਕ ਅਰਥ ਰੱਖਦੀਆਂ ਹਨ। ਜਰੂਰਤ ਹੈ ਅੱਜ ਇਹਨਾਂ ਨੂੰ ਅਪਣਾਉਣ ਦੀ...।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ - ਸ੍ਰੀ ਅਨੰਦਪੁਰ ਸਾਹਿਬ )
ਲੇਖਕ ਦਾ ਨਾਂ ਸਾਹਿਤ ਵਿੱਚ ਕੀਤੇ ਕਾਰਜਾਂ ਲਈ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।