ਫ਼ਤਹਿਗੜ੍ਹ ਸਾਹਿਬ : ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ਼ਜਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜ਼ਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਦਸੰਬਰ ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਫੋਟੋਗ੍ਰਾਫੀ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਦੇ ਜੇਤੂਆਂ ਨੂੰ 80 ਹਜ਼ਾਰ ਰੁਪਏ ਤੱਕ ਦੇ ਨਗਦ ਇਨਾਮ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਹ ਫੋਟੋਗ੍ਰਾਫੀ ਦੇ ਮੁਕਾਬਲੇ ਭਾਵਨਾਵਾਂ ਦਾ ਸਮੁੰਦਰ, ਸਵੱਛਤਾ ਹੀ ਸੇਵਾ, ਸੇਵਾ ਦਾ ਸਤਿਕਾਰ ਅਤੇ ਪਾਲਕੀ ਸਾਹਿਬ ਦਾ ਸਫਰ ਵਿਸ਼ੇ ਤੇ ਕਰਵਾਏ ਜਾਣਗੇ, ਜਿਸ ਵਿੱਚ ਕਿਸੇ ਵੀ ਉਮਰ ਵਰਗ ਦਾ ਕੋਈ ਵੀ ਨਾਗਰਿਕ ਹਿੱਸਾ ਲੈ ਸਕਦਾ ਹੈ।
ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਫੋਟੋਆਂ ਸਿਰਫ ਸ਼ਹੀਦੀ ਸਭਾ ਮੌਕੇ ਹੀ ਖਿੱਚੀਆਂ ਜਾਣੀਆਂ ਜਰੂਰੀ ਹਨ ਅਤੇ ਹਰੇਕ ਭਾਗੀਦਾਰ ਨੂੰ ਆਪਣੇ ਚੁਣੇ ਹੋਈ ਸ਼੍ਰੇਣੀ ਦੀਆਂ 5 ਫੋਟੋਆਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਫੋਟੋਆਂ ਦਾ ਆਕਾਰ 1080x1920 ਪਿਕਸਲ ਹੋਣਾ ਚਾਹੀਦਾ ਹੈ। ਭਾਗੀਦਾਰ ਨੂੰ ਆਪਣੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ #shaheediSabha2023 ਦੀ ਵਰਤੋਂ ਕਰਕੇ ਪੋਸਟ ਕਰਨੀਆਂ ਹੋਣਗੀਆਂ ਅਤੇ ਡੀ.ਪੀ.ਆਰ.ਓ. ਫ਼ਤਹਿਗੜ੍ਹ ਸਾਹਿਬ ਨੂੰ ਟੈਗ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਸ਼੍ਰੇਣੀ ਵਿੱਚ ਪਹਿਲੇ ਸਥਾਨ ਲਈ 10,000/-ਰੁਪਏ, ਦੂਸਰੇ ਸਥਾਨ ਲਈ 6000/- ਰੁਪਏ ਅਤੇ ਤੀਜੇ ਸਥਾਨ ਲਈ 4000/- ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੇਤੂ ਕਰਾਰ ਦਿੱਤੀਆਂ ਗਈਆਂ ਫੋਟੋਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਵਾਲੀ ਕਾਫੀ ਟੇਬਲ ਬੁੱਕ ਵਿੱਚ ਛਾਪਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ 24 ਦਸੰਬਰ ਨੂੰ ਸ਼ਾਮ 05:00 ਵਜੇ ਤੱਕ ਆਨ ਲਾਇਨ https:Forms.gle/GNihr854DkwzQQqK7 ਤੇ ਰਜਿਸਟਰ ਕੀਤਾ ਜਾ ਸਕਦਾ ਹੈ। ਮੁਕਾਬਲੇ ਦਾ ਸਮਾਂ 25 ਦਸੰਬਰ ਤੋਂ 28 ਦਸੰਬਰ ਤੱਕ ਦਾ ਹੋਵੇਗਾ ਅਤੇ ਫੋਟੋਆਂ 29 ਦਸੰਬਰ ਸ਼ਾਮ 05:00 ਵਜੇ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਪ੍ਰਤੀਯੋਗਤਾ ਦੇ ਜੇਤੂਆਂ ਦਾ ਐਲਾਨ 02 ਜਨਵਰੀ, 2024 ਨੂੰ ਕੀਤਾ ਜਾਵੇਗਾ।