ਮਾਲੇਰਕੋਟਲਾ : ਰਿਆਸਤੀ ਸ਼ਹਿਰ ਮਾਲੇਰਕੋਟਲਾ ਵਿਖੇ ਚੱਲ ਰਹੇ ਚਾਰ ਰੋਜ਼ਾ ਸੂਫ਼ੀ ਫ਼ੈਸਟੀਵਲ ਦੌਰਾਨ ਜਿੱਥੇ ਸੂਫ਼ੀ ਮੱਤ ਅਤੇ ਸੰਗੀਤ ਨਾਲ ਸਬੰਧਤ ਵੱਖ ਵੱਖ ਪੇਸ਼ਕਾਰੀਆਂ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਪ੍ਰਸਿੱਧ ਫ਼ੋਟੋਗ੍ਰਾਫਰ ਰਵਿੰਦਰ ਰਵੀ ਵੱਲੋਂ ਲਗਾਈ ਫੋਟੋ ਪ੍ਰਦਰਸ਼ਨੀ ਮਾਲੇਰਕੋਟਲਾ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰ ਰਹੀ ਹੈ। ਪੰਡਾਲ ਦੇ ਮੁੱਖ ਦਰਵਾਜ਼ੇ ਦੇ ਅੰਦਰ ਤਿਆਰ ਕੀਤੇ ਗਏ ਸੂਫ਼ੀ ਕਾਰਨਰ ਉੱਤੇ ਨੌਜਵਾਨ ਮੁੰਡੇ ਕੁੜੀਆਂ ਦੀ ਭੀੜ ਇਸ ਗੱਲ ਦੀ ਤਸੱਲੀ ਦਿੰਦੀ ਹੈ ਕਿ ਜੇਕਰ ਅਜਿਹੇ ਸਮਾਗਮ ਲਗਾਤਾਰ ਹੁੰਦੇ ਰਹਿਣ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਅਮੀਰ ਵਿਰਾਸਤ ਨਾਲ ਅਸਾਨੀ ਨਾਲ ਜੋੜ ਕੇ ਰੱਖਿਆ ਜਾ ਸਕਦਾ ਹੈ।ਇਸ ਪ੍ਰਦਰਸ਼ਨੀ ਵਿਚ ਜਿੱਥੇ ਸੂਫ਼ੀ ਮੱਤ ਦੇ ਪ੍ਰਮੁੱਖ ਸੰਤਾਂ, ਕੱਵਾਲਾਂ ਅਤੇ ਲੇਖਕਾਂ ਦੀਆਂ ਤਸਵੀਰਾਂ ਲੱਗੀਆਂ ਹਨ ਉਥੇ ਹੀ ਹੋਰ ਤਸਵੀਰਾਂ ਵਿੱਚ ਮਾਲੇਰਕੋਟਲਾ ਦੇ ਲੋਕਾਂ ਦੇ ਪ੍ਰਮੁੱਖ ਕਾਰੋਬਾਰ ਜਿਵੇਂ ਕਿ ਲੋਹੇ ਦੇ ਭਾਂਡੇ ਤਿਆਰ ਕਰਨਾ, ਜੁੱਤੀ ਤਿਆਰ ਕਰਨਾ, ਸਬਜ਼ੀਆਂ ਦਾ ਉਤਪਾਦਨ ਅਤੇ ਫੌਜ ਦੀਆਂ ਵਰਦੀਆਂ ਦੇ ਬੈਜ਼ ਤਿਆਰ ਕਰਨ ਦੇ ਕੰਮ ਨੂੰ ਦਿਖਾਇਆ ਗਿਆ ਹੈ। ਸ਼ਹਿਰ ਦੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ, ਸੱਤ ਦਰਵਾਜ਼ੇ ਅਤੇ ਹੋਰ ਮਸ਼ਹੂਰ ਦ੍ਰਿਸ਼ਾਂ ਨੂੰ ਲੋਕ ਬਹੁਤ ਹੀ ਉਤਸ਼ਾਹ ਨਾਲ ਦੇਖ ਰਹੇ ਹਨ। ਪ੍ਰਦਰਸ਼ਨੀ ਵਿਚ ਸੂਫ਼ੀ ਮੱਤ ਨਾਲ ਸਬੰਧਤ ਲਿਟਰੇਚਰ ਵੀ ਪਾਠਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਇਸ ਪ੍ਰਦਰਸ਼ਨੀ ਬਾਰੇ ਗੱਲਬਾਤ ਕਰਦਿਆਂ ਰਵਿੰਦਰ ਰਵੀ ਨੇ ਕਿਹਾ ਕਿ ਫੋਟੋਗਰਾਫੀ ਮੇਰਾ ਸ਼ੌਕ ਹੈ, ਮੈਨੂੰ ਕੁਦਰਤ ਦਾ ਜ਼ਰਾ- ਜ਼ਰਾ ਖੂਬਸੂਰਤ ਲੱਗਦਾ ਹੈ , ਕੁਦਰਤੀ ਨਜ਼ਾਰੇ ਸੱਭਿਆਚਾਰ ਪੁਰਾਣੀ ਇਮਾਰਤਾਂ ਸਭ ਕੁਝ ਆਪਣੇ ਕੈਮਰੇ ਚ ਬੰਦ ਕਰਨ ਦਾ ਅਨੰਦ ਆਉਂਦਾ ਹੈ । ਇਹ ਮਲੇਰਕੋਟਲਾ ਦੀਆਂ ਤਸਵੀਰਾਂ 2018 ਵਿੱਚ ਖਿੱਚੀਆਂ ਸਨ। ਰਵੀ ਨੇ ਮਾਲੇਰਕੋਟਲਾ ਦੇ ਜ਼ਿਲ੍ਹਾ ਪ੍ਰਸਾਸ਼ਨ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਡਾ. ਪੱਲਵੀ ਦਾ ਵਿਸ਼ੇਸ ਧੰਨਵਾਦ ਕੀਤਾ, ਜਿੰਨਾ ਨੇ ਉਹਨਾਂ ਨੂੰ ਇਥੇ ਪ੍ਰਦਰਸ਼ਨੀ ਲਗਾਉਣ ਲਈ ਮੌਕਾ ਦਿੱਤਾ। ਇਸ ਪ੍ਰਦਰਸ਼ਨੀ ਬਾਰੇ ਵਿਦਿਆਰਥਣ ਸਲਮਾ ਨੇ ਕਿਹਾ ਕਿ ਪ੍ਰਸਾਸ਼ਨ ਵਲੋਂ ਸੂਫ਼ੀ ਕਾਰਨਰ ਲਗਾਉਣਾ ਬਹੁਤ ਹੀ ਅੱਛਾ ਉਪਰਾਲਾ ਹੈ। ਪੰਜਾਬ ਉਰਦੂ ਅਕਾਦਮੀ ਮਾਲੇਰਕੋਟਲਾ ਦੇ ਸਹਿਯੋਗ ਨਾਲ ਲਗਾਈ ਪੁਸਤਕ ਪ੍ਰਦਰਸ਼ਨੀ ਸੂਫ਼ੀਜਮ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰ ਰਹੀ ਹੈ।ਉਥੇ ਹੀ ਫੋਟੋ ਪ੍ਰਦਰਸ਼ਨੀ ਮਾਲੇਰਕੋਟਲੇ ਦੀ
ਅਮੀਰ ਧਰੋਹਰ ਉਤੇ ਝਾਤ ਪਾ ਰਹੀ ਹੈ ਜੋ ਕਿ ਆਪਣੇ ਆਪ ਵਿੱਚ ਸ਼ਲਾਘਾ ਯੋਗ ਉਪਰਾਲਾ ਹੈ।