ਮਾਡਲਿੰਗ ਦੀ ਦੁਨੀਆਂ ਵਿੱਚ ਮਾਣ ਖੱਟ ਚੁੱਕਿਆ ਇਹ ਸਿੱਖ ਅਦਾਕਾਰ ਕਿਰਨਦੀਪ ਰਾਇਤ ਪੰਜਾਬੀ ਫ਼ਿਲਮ ਜਗਤ ਵਿੱਚ ਵੀ ਆਪਣੀ ਪਹਿਚਾਣ ਬਹੁਤ ਤੇਜ਼ੀ ਨਾਲ ਗੂੜੀ ਕਰਦਾ ਜਾ ਰਿਹਾ ਹੈ। ਪਿਛਲੇ ਸਾਲ ਬੀ.ਐਮ.ਪੀ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ ਹੋਈ ਪੰਜਾਬੀ ਫ਼ਿਲਮ “ਜਿੰਦਰਾ” ਦੇ ਜਰੀਏ ਆਪਣੀ ਅਦਾਕਾਰੀ ਲੋਹਾ ਮੰਨਵਾ ਚੁੱਕੇ ਕਿਰਨਦੀਪ ਹੁਣ ਆਪਣੀ ਨਵੀਂ ਫ਼ਿਲਮ “ਜੱਟਾ ਡੋਲੀ ਨਾ” ਦੇ ਜਰੀਏ ਬਤੌਰ ਹੀਰੋ ਆਪਣੀ ਅਮਿੱਟ ਛਾਪ ਛੱਡਣ ਲਈ ਤਿਆਰ ਹਨ ਅਤੇ ਇਹ ਫ਼ਿਲਮ ਨੈਸ਼ਨਲ ਗੇਮ ਬਣ ਚੁੱਕੇ ਮਾਰਸ਼ਲ ਆਰਟ ਦੀ ਸ਼ਾਨਦਾਰ ਪੇਸ਼ਕਾਰੀ ਅਦਾ ਕਰਦੀ ਇਹ ਫ਼ਿਲਮ 5 ਜਨਵਰੀ 2024 ਨੂੰ ਦੁਨੀਆਂ ਭਰ ਸਿਨਮਾ ਵਿੱਚ ਰਿਲੀਜ਼ ਹੋ ਰਹੀ ਹੈ। ਰਾਜਧਾਨੀ ਦਿੱਲੀ ਨਾਲ ਸੰਬੰਧਤ ਇਸ ਹੋਣਹਾਰ ਸਿੱਖ ਹੀਰੋ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਹ ਹੁਣ ਤੱਕ ਕਈ ਨਾਮੀ ਬ੍ਰਾਂਡਾਂ ਲਈ ਮਾਡਲਿੰਗ ਕਰਨ ਤੋਂ ਇਲਾਵਾ ਫਿਲਮ ਜਗਤ ਵਿੱਚ ਵੀ ਆਪਣੀ ਸ਼ਾਨਦਾਰ ਸ਼ੁਰੂਆਤ ਕਰ ਚੁੱਕੇ ਹਨ। ਉਹ ਦੱਸਦੇ ਹਨ ਕਿ ਮਨੋਰੰਜਨ ਦੀ ਦੁਨੀਆ ਦੀ ਚਕਾਚੌਂਧ ਨੇ ਉਸ ਨੂੰ ਬਚਪਨ ਤੋਂ ਹੀ ਦੀਵਾਨਾ ਬਣਾ ਲਿਆ ਸੀ। ਪੜਾਈ ਦੇ ਨਾਲ ਨਾਲ ਉਸਨੇ ਇਸ ਖੇਤਰ ਵਿੱਚ ਰਾਹ ਤਲਾਸ਼ਣਾ ਸ਼ੁਰੂ ਕਰ ਦਿੱਤਾ ਸੀ। ਦਿੱਲੀ ਦੇ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ਼ ਤਕਨੀਕੀ ਤੋਂ ਇਲੈਕਟ੍ਰੀਸ਼ਨ ਇੰਜੀਨੀਅਰਿੰਗ ਦੀ ਪੜਾਈ ਕਰ ਚੁੱਕੇ ਕਿਰਨਦੀਪ ਨੇ ਸਾਲ ਆਪਣੀ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਸੋਸ਼ਲ ਮੀਡੀਆ ਤੋਂ ਕੀਤੀ ਸੀ। ਵੱਖ-ਵੱਖ ਮੁੱਦਿਆਂ ‘ਤੇ ਵੀਡੀਓਜ ਬਣਾ ਕੇ ਸਭ ਦਾ ਧਿਆਨ ਖਿੱਚਣ ਵਾਲੇ ਕਿਰਨਦੀਪ ਵੱਲੋਂ ਆਪਣੀ ਫਿਲਮ ਸਫ਼ਰ ਦੀ ਸ਼ੁਰੂਆਤ ਬਤੌਰ ਹੀਰੋ “ਜਿੰਦਰਾ” ਫ਼ਿਲਮ ਤੋਂ ਕੀਤੀ ਗਈ ਸੀ। ਸੱਭਿਆਚਾਰ ਤੇ ਪਰਿਵਾਰਕ ਕਦਰਾਂ-ਕੀਮਤਾਂ ਸਮੇਤ ਰਿਸ਼ਤਿਆਂ ਦੀ ਗੱਲ ਕਰਦੀ ਇਸ ਫ਼ਿਲਮ ਨਾਲ ਉਸਨੂੰ ਸ਼ਾਨਦਾਰ ਹੁੰਗਾਰਾ ਮਿਿਲਆ। ਸਭ ਨੇ ਉਹਨਾਂ ਦਾ ਫਿਲਮ ਜਗਤ ਵਿੱਚ ਸਵਾਗਤ ਕੀਤਾ। ਕਿਸਾਨੀ ਅੰਦੋਲਨ ਤੇ ਬਣੀ ਫਿਰ ਤੋਂ ਬੀ.ਐਮ.ਪੀ ਫ਼ਿਲਮਜ਼ ਦੇ ਬੈਨਰ ਹੇਠ ਦੁਨਿਆਂ ਵਿੱਚ ਅਲੱਗ ਕਿਸਮ ਦੀ ਪਹਿਲੀ ਫਿਲਮ “ ਸੁੰਹ ਮਿੱਟੀ ਦੀ” ਨਾਲ ਉਸਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲਿਆ। ਹੁਣ ਉਹ ਬਤੌਰ “ਜੱਟਾ ਡੋਲੀਂ ਨਾ” ਨਾਲ ਵੱਡੇ ਪਰਦੇ ਤੇ ਨਜ਼ਰ ਆਏਗਾ। ਬੀ.ਐਮ.ਪੀ ਫ਼ਿਲਮਜ਼ ਐਂਡ ਪਾਵਰਪੈਕ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਭੁਪਿੰਦਰ ਸਿੰਘ ਬਮਰਾ ਨੇ ਨਿਰਦੇਸ਼ਤ ਕੀਤਾ ਹੈ। ਸੋਨੂੰ ਸੱਗੂ ਵੱਲੋਂ ਲਿਖੀ ਇਸ ਫ਼ਿਲਮ ਵਿੱਚ ਕਿਰਨਦੀਪ ਦੀ ਹੀਰੋਇਨ ਨਾਮਬਰ ਅਦਾਕਾਰਾ ਪ੍ਰਭ ਗਰੇਵਾਲ ਹੈ। ਫਿਲਮ ਵਿੱਚ ਦੋਵਾਂ ਤੋਂ ਇਲਾਵਾ ਜਰਨੈਲ ਸਿੰਘ, ਨਰਿੰਦਰ ਨੀਨਾ, ਸਵਿੰਦਰ ਮਾਹਲ, ਪਰਮਿੰਦਰ ਗਿੱਲ, ਸੰਤੋਸ਼ ਮਲਹੋਤਰਾ, ਗੁਰਪ੍ਰੀਤ ਬੀ.ਐਮ.ਪੀ., ਸਨੀ ਗਿੱਲ, ਗੁਰਿੰਦਰ ਸਰਾਂ, ਸਿਮਰਜੀਤ ਸਿੰਘ ਅਤੇ ਸੁੱਗਲੀ-ਜੁਗਲੀ ਨੇ ਸ਼ਾਨਦਾਰ ਭੂਮਿਕਾ ਅਦਾ ਕੀਤੀ ਹੈ। ਕਿਰਨਦੀਪ ਦੱਸਦਾ ਹੈ ਕਿ ਇਸ ਫਿਲਮ ਦੀ ਕਹਾਣੀ ਗੱਤਕਾ ਦੀ ਪੇਸ਼ਕਾਰੀ ਤਾਂ ਕਰੇਗੀ ਹੀ, ਪਰੰਤੂ ਇਹ ਫ਼ਿਲਮ ਤੁਹਾਨੂੰ ਹਿੰਮਤ, ਜੋਸ਼ ਅਤੇ ਪਰਿਵਾਰ ਵੱਲੋਂ ਦਿੱਤੇ ਹੌਂਸਲੇ ਦੀ ਅਹਿਮੀਅਤ ਵੀ ਮਹਿਸੂਸ ਕਰਵਾਏਗੀ। ਇਹ ਫਿਲਮ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰੇਗੀ। ਪਰਿਵਾਰਕ ਡਰਾਮਾ ਇਹ ਫ਼ਿਲਮ ਔਜਕੀ ਨੌਜਵਾਨ ਪੀੜੀ ਦੀ ਬਾਤ ਪਾਉਂਦੀ ਹੋਈ ਸਿੱਖੀ ਦੇ ਮਾਣ ਵਿੱਚ ਹੋਰ ਵਾਧਾ ਕਰੇਗੀ। ਕਿਰਨਦੀਪ ਮੁਤਾਬਕ ਇਹ ਉਸਦੀ ਖੁਸ਼ਕਿਸਮਤੀ ਹੈ ਕਿ ਉਸਨੂੰ ਇਸ ਕਿਸਮ ਦੀ ਸ਼ਾਨਦਾਰ ਫਿਲਮ ਦਾ ਹਿੱਸਾ ਬਣਨ ਦਾ ਮਾਣ ਹਾਸਲ ਹੋਇਆ ਹੈ। ਬਿਨਾਂ ਸ਼ੱਕ ਇਹ ਫਿਲਮ ਦਰਸ਼ਕਾਂ ਦੀ ਕਸਵੱਟੀ ਤੇ ਖਰਾ ਉਤਰੇਗੀ।