Wednesday, April 09, 2025

Malwa

ਨਸ਼ਿਆਂ ਦੀ ਦੁਰਵਰਤੋਂ ਤੋਂ ਪ੍ਰਭਾਵਿਤ ਪਿੰਡ ਰੌਂਗਲਾ ਦੇ ਵਸਨੀਕਾਂ ਨਾਲ ਜੈ ਇੰਦਰ ਕੌਰ ਨੇ ਕੀਤੀ ਮੁਲਾਕਾਤ

December 22, 2023 02:22 PM
SehajTimes

ਪਟਿਆਲਾ : ਭਾਰਤੀ ਜਨਤਾ ਪਾਰਟੀ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੌਂਗਲਾ ਦਾ ਦੌਰਾ ਕੀਤਾ ਅਤੇ ਪਿੰਡ ਵਿੱਚ ਵੱਧ ਰਹੇ ਨਸ਼ੇ ਦੇ ਕੋਹੜ ਕਾਰਨ ਪ੍ਰੇਸ਼ਾਨ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਨੇ ਪਿੰਡ ਦੀ ਪੰਚਾਇਤ ਨੂੰ ਨਾਲ ਲੈਕੇ ਐਸਐਸਪੀ ਨਾਲ ਮੁਲਾਕਾਤ ਕੀਤੀ। ਐਸ.ਐਸ.ਪੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਦੱਸਿਆ ਕਿ, "ਸਰਪੰਚ ਰਾਣੀ ਜੀ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਅੱਜ ਮੈਨੂੰ ਆਪਣੇ ਪਿੰਡ ਬੁਲਾਇਆ ਸੀ ਤਾਂ ਜੋ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਵਿਰੁੱਧ ਉਨ੍ਹਾਂ ਦੀ ਲੜਾਈ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ, ਜਿਸ ਬਾਰੇ ਪੰਚਾਇਤ ਅਤੇ ਸਥਾਨਕ ਔਰਤਾਂ ਨੇ ਮੈਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪਿੰਡ ਵਿੱਚ ਪਿਛਲੇ ਦੋ ਸਾਲਾਂ ਵਿੱਚ ਨਸ਼ਿਆਂ ਦੇ ਗੈਰ-ਕਾਨੂੰਨੀ ਵਪਾਰ ਵਿੱਚ ਵਾਧਾ ਹੋਇਆ ਹੈ ਅਤੇ ਬਦਕਿਸਮਤੀ ਨਾਲ ਪਿੰਡ ਦੇ ਨੌਜਵਾਨ ਨਸ਼ਿਆਂ ਦੀ ਇਸ ਦਲਦਲ ਵਿੱਚ ਫਸ ਰਹੇ ਹਨ।"



ਭਾਜਪਾ ਆਗੂ ਨੇ ਅੱਗੇ ਕਿਹਾ, "ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸਾਡੇ ਪਿੰਡਾਂ ਵਿੱਚ ਨਸ਼ਿਆਂ ਦੀ ਸਮੱਸਿਆ ਇੰਨੀ ਜ਼ਿਆਦਾ ਫੈਲੀ ਹੋਈ ਹੈ ਅਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਤੋਂ ਛੁਟਕਾਰਾ ਦਿਵਾਉਣ ਵਿੱਚ ਇਨ੍ਹਾਂ ਦੀ ਮਦਦ ਕਰੀਏ। ਇਸ ਲਈ ਗ੍ਰਾਮ ਪੰਚਾਇਤ ਨੇ ਵੀ ਅੱਜ ਇੱਕ ਪਹਿਲਕਦਮੀ ਕਰਦਿਆਂ ਇਕ ਮਤਾ ਪਾਸ ਕੀਤਾ, ਜਿਸ ਵਿੱਚ ਪਿੰਡ ਦਾ ਕੋਈ ਵੀ ਮੈਂਬਰ ਨਸ਼ੇ ਦਾ ਕਾਰੋਬਾਰ ਕਰਦਾ ਫੜਿਆ ਗਿਆ ਜਾਂ ਕਿਸੇ ਨਸ਼ੇ ਵਾਲੇ ਦੀ ਮਦਦ ਕਰਦਾ ਫੜਿਆ ਗਿਆ ਤਾਂ ਪੰਚਾਇਤ ਵੱਲੋਂ ਉਸ ਨੂੰ 1 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਲਈ ਉਸਨੂੰ ਪੁਲਿਸ ਹਵਾਲੇ ਕੀਤਾ ਜਾਵੇਗਾ।" ਜੈ ਇੰਦਰ ਕੌਰ ਨੇ ਅੱਗੇ ਕਿਹਾ, "ਪਿੰਡ ਰੌਂਗਲਾ ਵਿੱਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਲਈ ਅਸੀਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਜੀ ਨੂੰ ਵੀ ਮਿਲੇ। ਪਿੰਡ ਵਾਸੀਆਂ ਨੇ ਐਸਐਸਪੀ ਨੂੰ ਲਗਾਤਾਰ ਪੁਲਿਸ ਦੀ ਗਸ਼ਤ ਨੂੰ ਯਕੀਨੀ ਬਣਾਉਣ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਫੜਨ ਲਈ ਪਿੰਡ ਦੇ ਬਾਹਰ ਪੱਕੇ ਨਾਕੇ ਲਗਾਉਣ ਦੀ ਅਪੀਲ ਕੀਤੀ। SSP ਨੇ ਸਾਨੂੰ ਪਿੰਡ ਵਾਸੀਆਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।"



ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਕਿਹਾ, "ਪੰਜਾਬ ਵਿੱਚ ਵੱਧ ਰਿਹਾ ਨਸ਼ਿਆਂ ਦਾ ਮੁੱਦਾ ਸਿਰਫ਼ ਰਾਜ ਦਾ ਮੁੱਦਾ ਨਹੀਂ ਹੈ, ਇਹ ਇੱਕ ਰਾਸ਼ਟਰੀ ਮੁੱਦਾ ਬਣ ਗਿਆ ਹੈ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਬਾਰੇ ਬਹੁਤ ਗੰਭੀਰ ਹੈ। ਜਦੋਂ ਬੀ.ਐਸ.ਐਫ ਨੇ ਸਰਹੱਦੀ ਖੇਤਰਾਂ ਵਿੱਚ ਆਪਣਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾ ਦਿੱਤਾ ਸੀ ਤਾਂ ਵਿਰੋਧੀ ਧਿਰ ਨੇ ਪਹਿਲਾਂ ਇਸ ਦਾ ਵਿਰੋਧ ਕੀਤਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਵੀ ਕੌਮੀ ਸੁਰੱਖਿਆ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਕਦਮ ਦਾ ਸਮਰਥਨ ਕਰਨ ਦਾ ਸਟੈਂਡ ਲਿਆ ਸੀ।" ਜੈ ਇੰਦਰ ਕੌਰ ਦੇ ਨਾਲ ਸਰਪੰਚ ਰਾਣੀ ਪਤਨੀ ਸਿਤਾਰ ਮੁਹੰਮਦ, ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਪਟਿਆਲਾ ਮਹਿਲਾ ਮੋਰਚਾ ਦੀ ਪ੍ਰਧਾਨ ਮਨੀਸ਼ਾ ਉੱਪਲ, ਮੰਡਲ ਪ੍ਰਧਾਨ ਗੁਰਧਿਆਨ ਸਿੰਘ, ਗੁਰਭਜਨ ਸਿੰਘ, ਵਰਿੰਦਰ ਗੁਪਤਾ ਅਤੇ ਪਿੰਡ ਰੌਂਗਲਾ ਦੀ ਸਮੁੱਚੀ ਪੰਚਾਇਤ ਹਾਜ਼ਰ ਸੀ।

Have something to say? Post your comment