ਪੱਟੀ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫ਼ਾਊਂਡੇਸ਼ਨ ਵੱਲੋਂ ਸੰਤ ਨਿਰੰਕਾਰੀ ਭਵਨ, ਹਰੀਕੇ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸਦਾ ਉਦਘਾਟਨ ਸ੍ਰੀ ਰਾਕੇਸ਼ ਸੇਠੀ ਜੀ, ਜ਼ੋਨਲ ਇੰਚਾਰਜ, ਸੰਤ ਨਿਰੰਕਾਰੀ ਮੰਡਲ, ਅੰਮ੍ਰਿਤਸਰ ਵੱਲੋਂ ਕੀਤਾ ਗਿਆ। ਇਸ ਖ਼ੂਨਦਾਨ ਕੈਂਪ ਵਿੱਚ ਹਰੀਕੇ ਪੱਤਣ ਦੇ ਨਾਲ-ਨਾਲ ਚੋਹਲਾ ਸਾਹਿਬ, ਗੋਇੰਦਵਾਲ ਸਾਹਿਬ, ਪੱਟੀ, ਭਿਖੀਵਿੰਡ ਅਤੇ ਤਰਨ-ਤਾਰਨ ਬ੍ਰਾਂਚਾਂ ਦੇ ਨਿਰੰਕਾਰੀ ਸ਼ਰਧਾਲੂ ਭੈਣਾਂ ਭਰਾਵਾਂ ਦਾ ਉਤਸਾਹ ਸ਼ਲਾਘਾਯੋਗ ਰਿਹਾ। ਸ੍ਰੀ ਰਾਕੇਸ਼ ਸੇਠੀ ਜੀ ਨੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਪ੍ਰੇਰਕ ਬਚਨ “ਖ਼ੂਨ ਨਾਲੀਆਂ ਵਿੱਚ ਨਹੀਂ ਸਗੋਂ ਇਨਸਾਨ ਦੀਆਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ” ਨੂੰ ਯਾਦ ਕਰਦਿਆਂ ਫ਼ੁਰਮਾਇਆ ਕਿ ਨਿਰੰਕਾਰੀ ਮਹਾਤਮਾ ਖ਼ੂਨਦਾਨ ਕਰਕੇ ਸਮੁੱਚੀ ਮਨੁੱਖਤਾ ਨਾਲ ਆਪਣਾ ਖ਼ੂਨ ਦਾ ਰਿਸ਼ਤਾ ਕਾਇਮ ਕਰ ਰਹੇ ਹਨ। ‘
ਮਾਨਵ ਨੂੰ ਮਾਨਵ ਹੋਏ ਪਿਆਰਾ, ਇੱਕ ਦੂਜੇ ਦਾ ਬਣੀਏ ਸਹਾਰਾ’ ਦਾ ਆਦੇਸ਼ ਸਾਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੋਂ ਪ੍ਰਾਪਤ ਹੋਇਆ ਹੈ। ਖ਼ੂਨਦਾਨ ਨਿਰਸਵਾਰਥ ਸੇਵਾ ਦਾ ਅਜਿਹਾ ਸੁੰਦਰ ਉਪਦੇਸ਼ ਹੈ ਜਿਸ ਵਿੱਚ ਕੇਵਲ ਸਰਬੱਤ ਦੇ ਭਲੇ ਦੀ ਇੱਛਾ ਹੀ ਮਨ ਵਿੱਚ ਹੁੰਦੀ ਹੈ। ਫਿਰ ਦਿਲ ਵਿੱਚ ਇਹ ਭਾਵਨਾ ਪੈਦਾ ਨਹੀਂ ਹੁੰਦੀ ਕਿ ਸਿਰਫ਼ ਸਾਡੇ ਰਿਸ਼ਤੇਦਾਰ ਜਾਂ ਸਾਡਾ ਪਰਿਵਾਰ ਹੀ ਮਹੱਤਵਪੂਰਨ ਹੈ, ਸਗੋਂ ਸਾਰਾ ਸੰਸਾਰ ਹੀ ਸਾਡਾ ਪਰਿਵਾਰ ਬਣ ਜਾਂਦਾ ਹੈ। ਮਾਨਵ ਕਲਿਆਣ ਲਈ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਮੇਂ-ਸਮੇਂ ‘ਤੇ ਵਿਸ਼ਵਭਰ ਵਿੱਚ ਖ਼ੂਨਦਾਨ ਕੈਂਪਾਂ ਦੇ ਨਾਲ-ਨਾਲ, ਰੁੱਖ ਲਗਾਉਣ, ਸਫ਼ਾਈ ਅਭਿਆਨ, ਕੁਦਰਤੀ ਕਰੋਪੀਆਂ ਵਿੱਚ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਇਸ ਖ਼ੂਨਦਾਨ ਕੈਂਪ ਵਿੱਚ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਅਤੇ ਸਿਵਲ ਹਸਪਤਾਲ, ਪੱਟੀ ਦੀਆਂ ਬਲੱਡ ਬੈਂਕਾਂ ਦੀਆਂ ਟੀਮਾਂ ਨੇ 129 ਯੂਨਿਟ ਖ਼ੂਨ ਇਕੱਤਰ ਕੀਤਾ। ਇਸ ਅਵਸਰ ‘ਤੇ ਸ੍ਰੀ ਸ਼ਾਮ ਸਿੰਘ ਜੀ, ਸਥਾਨਕ ਸੰਯੋਜਕ, ਸ੍ਰੀ ਰਾਜੇਸ਼ ਕੁਮਾਰ ਜੀ, ਸੰਯੋਜਕ, ਭਿੱਖੀਵਿੰਡ, ਸ੍ਰੀ ਲਖਵਿੰਦਰ ਸਿੰਘ ਜੀ, ਖੇਤਰੀ ਸੰਚਾਲਕ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਨਿਰੰਕਾਰੀ ਸੇਵਾਦਲ ਨੇ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਈਆਂ।