ਫ਼ਤਹਿਗੜ੍ਹ ਸਾਹਿਬ : ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਣਕ, ਆਲੂ ਤੇ ਟਮਾਟਰ ਦੀਆਂ ਫਸਲਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਨਾਲ ਸਬੰਧਤ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਕਿਸਾਨ ਗੋਸ਼ਟੀ ਵਿੱਚ ਕਿਸ੍ਰੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਨੇ ਫਸਲਾਂ ਵਿੱਚ ਬਿਮਾਰੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪੌਦਾ ਰੋਗ ਵਿਭਾਗ ਦੇ ਸੀਨੀਅਰ ਪਸਾਰ ਮਾਹਰ ਡਾ: ਅਮਰਜੀਤ ਸਿੰਘ ਨੇ ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਬਿਮਾਰੀਆਂ ਵਿਸ਼ੇਸ਼ ਤੌਰ ਤੇ ਝੁਲਸ ਰੋਗ ਦੀਆਂ ਨਿਸ਼ਾਨੀਆਂ ਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਲੂਆਂ ਦ ਪਛੇਤੇ ਝੁਲਸ ਰੋਗ ਦੀ ਰੋਕਥਾਮ ਲਈ ਪੀ.ਏ.ਯੂ. ਵੱਲੋਂ ਵਿਕਸਤ ਵੈਬ ਅਧਾਰਿਤ ਨਿਰਣਾਇਕ ਪ੍ਰਣਾਲੀ ਦੀ ਵਰਤੋਂ ਕਰਨੀ ਦਰਸਾਈ।
ਸੀਨੀਅਰ ਕੀਟ ਵਿਗਿਆਨ (ਕੀਟ ਵਿਗਿਆਨ ਵਿਭਾਗ) ਡਾ: ਵਿਜੇ ਕੁਮਾਰ ਨੇ ਕਣਕ, ਆਲੂ ਤੇ ਟਮਾਟਰ ਨੂੰ ਲੱਗਣ ਵਾਲੇ ਕੀੜੇ ਬਾਰੇ ਤੇ ਉਨ੍ਹਾਂ ਦੀ ਰੋਕਥਾਮ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕੀੜ੍ਹਿਆਂ ਦੇ ਆਰਥਿਕਗਾਰ ਦੇ ਅਧਾਰ ਤੇ ਕੀਟ ਨਾਸ਼ਕਾਂ ਦੀ ਵਰਤੋਂ ਕਰਨ। ਡਾ: ਅਰਵਿੰਦ ਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਬਾਗਬਾਨੀ ਨੇ ਕਿਸਾਨਾਂ ਨੂੰ ਫਲਦਾਰ ਬੂਟਿਆਂ ਦੀ ਸੰਭਾਲ ਬਾਰੇ ਦੱਸਿਆ ਅਤੇ ਡਾ: ਰੀਤ ਵਰਮਾ ਨੇ ਕਿਸਾਨ ਗੋਸ਼ਟੀ ਵਿੱਚ ਆਏ ਕਿਸਾਨਾਂ ਦਾ ਧੰਨਵਾਦ ਕੀਤਾ।