ਮੋਟਰਸਾਈਕਲ 'ਤੇ ਪਿੰਡ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
ਸੁਨਾਮ : ਪੁਲਿਸ ਥਾਣਾ ਚੀਮਾਂ ਦੀ ਹਦੂਦ ਵਿੱਚ ਪੈਂਦੇ ਸੁਨਾਮ ਨੇੜਲੇ ਪਿੰਡ ਨਮੋਲ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਨ ਤੋਂ ਬਾਅਦ ਇਹ ਨੌਜਵਾਨ ਸੁਨਾਮ ਤੋਂ ਆਪਣੇ ਪਿੰਡ ਨਮੋਲ ਵਾਪਸ ਆ ਰਹੇ ਸਨ। ਨਮੋਲ ਪਹੁੰਚਣ 'ਤੇ ਕਿਸੇ ਅਣਪਛਾਤੇ ਵਾਹਨ ਨੇ ਉਸਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਮ੍ਰਿਤਕ ਨੌਜਵਾਨਾਂ ਦਾ ਪੋਸਟਮਾਰਟਮ ਸੁਨਾਮ ਸਿਵਲ ਹਸਪਤਾਲ ਵਿਖੇ ਕੀਤਾ ਗਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਜਾਂਚ ਅਧਿਕਾਰੀ ਗੁਰਬਚਨ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਲਗਭਗ 12:30 ਵਜੇ ਤਿੰਨ ਨੌਜਵਾਨ ਸੁਨਾਮ ਤੋਂ ਮਜ਼ਦੂਰੀ ਦਾ ਕੰਮ ਕਰਨ ਤੋਂ ਬਾਅਦ ਮੋਟਰ ਸਾਈਕਲ 'ਤੇ ਆਪਣੇ ਪਿੰਡ ਨਮੋਲ ਵਾਪਸ ਆ ਰਹੇ ਸਨ। ਪਿੰਡ ਨਮੋਲ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਕਾਰਨ ਗੁਰਦੀਪ ਸਿੰਘ (25) ਪੁੱਤਰ ਨਾਹਰ ਸਿੰਘ ਅਤੇ ਚਮਕੌਰ ਸਿੰਘ (34) ਪੁੱਤਰ ਪ੍ਰਤਾਪ ਸਿੰਘ ਦੋਵੇਂ ਵਾਸੀ ਨਮੋਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਨਮੋਲ ਪਿੰਡ ਦਾ ਰਹਿਣ ਵਾਲਾ ਸੋਨੀ ਸਿੰਘ ਨਾਮ ਦਾ ਨੌਜਵਾਨ ਜ਼ਖਮੀ ਹੋ ਗਿਆ। ਜਿਸਦਾ ਇਲਾਜ ਸਿਵਲ ਹਸਪਤਾਲ ਸੁਨਾਮ ਵਿੱਚ ਚੱਲ ਰਿਹਾ ਹੈ। ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।