ਨਵੀਂ ਦਿੱਲੀ : ਅੱਜ ਦੇਸ਼ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਮੌਕੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਇਸ ਪ੍ਰੋਗਰਾਮ ਦੀ ਖ਼ਾਸ ਵਿਸ਼ੇਸ਼ਤਾ ਇਹ ਸੀ ਕਿ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਿਹੜੀ ਬੱਘੀ ਦੀ ਵਰਤੋਂ ਕੀਤੀ ਗਈ ਉਹ 40 ਸਾਲਾਂ ਪਹਿਲਾਂ ਕੀਤੀ ਗਈ ਸੀ। ਦੱਸਣਯੋਗ ਹੈ ਕਿ ਆਖ਼ੀਰੀ ਵਾਰ ਇਹ ਬੱਘੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵਰਤੀ ਸੀ ਪਰ ਉਨ੍ਹਾਂ ਦੇ ਕਤਲ ਤੋਂ ਬਾਅਦ ਇਸ ਦੀ ਵਰਤੋਂ ਕਰਨਾ ਛੱਡ ਦਿੱਤਾ ਗਿਆ ਸੀ ਅਤੇ ਉਚ ਸੁਰੱਖਿਆ ਵਾਲੀ ਕਾਰ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਬੱਘੀ ਦੀ ਵਿਸ਼ੇਸ਼ਤਾ ਇਹ ਹੈ ਕਿ ਭਾਰਤ ਨੇ ਇਸ ਨੂੰ ਸਿੱਕਾ ਉਛਾਲ ਕੇ ਹੋਏ ਫ਼ੈਸਲੇ ਵਿੱਚ ਹਾਸਲ ਕੀਤਾ ਸੀ। ਪਹਿਲੀ ਵਾਰ ਇਸ ਬੱਘੀ ਦੀ ਵਰਤੋਂ 1950 ਦੇ ਗਣਤੰਤਰ ਦਿਵਸ ਮੌਕੇ ਕੀਤੀ ਗਈ ਉਸ ਸਮੇਂ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਇਸ ਗੱਡੀ ਵਿੱਚ ਬੈਠੇ ਸਨ ਅਤੇ ਇਹ ਰਵਾਇਤ 1984 ਤੱਕ ਜਾਰੀ ਰਹੀ ਸੀ।
ਬੱਘੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬੱਘੀ ਅੰਗਰੇਜ਼ੀ ਰਾਜ ਸਮੇਂ ਵਾਇਸਰਾਏ ਦੀ ਸੀ। 1947 ਵਿੱਚ ਆਜ਼ਾਦੀ ਤੋਂ ਬਾਅਦ ਗਵਰਨਰ ਜਨਰਲ ਦੇ ਸੁਰੱਖਿਆ ਦਸਤੇ ਨੂੰ ਭਾਰਤ ਤੇ ਪਾਕਿਸਤਾਨ ਨੇ 2:1 ਦੇ ਅਨੁਪਾਤ ਨਾਲ ਵੰਡ ਲਿਆ ਸੀ ਪਰ ਇਸ ਬੱਘੀ ਨੂੰ ਦੋਵਾਂ ਦੇਸ਼ਾਂ ਦੀਆਂ ਰਾਸ਼ਟਰਪਤੀ ਸੁਰੱਖਿਆ ਦਸਤੇ ਦੀਆਂ ਰੈਜੀਮੈਂਟਾਂ ਦੇ ਮੁਖੀਆਂ ਨੇ ਸਿੱਕਾ ਉਛਾਲ ਕੇ ਫ਼ੈਸਲਾ ਕੀਤਾ ਸੀ ਜਿਸ ਨਾਲ ਫ਼ੈਸਲਾ ਭਾਰਤ ਦੇ ਹੱਕ ਵਿਚ ਆਇਆ ਤੇ ਬੱਘੀ ਦੇ ਹੱਕ ਭਾਰਤ ਦਾ ਹੋ ਗਿਆ ਸੀ।
ਸੋਨੇ ਦੀ ਪਲੇਟ ਵਾਲੀ ਘੋੜੇ ਨਾਲ ਖਿੱਚੀ ਜਾਣ ਵਾਲੀ ਬੱਘੀ ਦੀ ਵਰਤੋਂ ਇਸ ਵਾਰ 75ਵੇਂ ਗਣਤੰਤਰ ਦਿਵਸ ਦੀ ਪਰੇਡ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤੀ ਹੈ।